ਮੈਲਬਰਨ: ਆਸਟਰੇਲੀਆ 1 ਜਨਵਰੀ, 2024 ਤੋਂ ਵੇਪਿੰਗ ਬੈਨ ਸੁਧਾਰਾਂ ਦੀ ਲੜੀ ਲਾਗੂ ਕਰਨ ਲਈ ਤਿਆਰ ਹੈ। ਇਨ੍ਹਾਂ ਸੁਧਾਰਾਂ ਦਾ ਪਹਿਲਾ ਪੜਾਅ ਡਿਸਪੋਜ਼ੇਬਲ ਵੇਪਸ (Disposable vapes) ਦੀ ਦਰਾਮਦ ਨੂੰ ਗੈਰ-ਕਾਨੂੰਨੀ ਬਣਾਉਣਾ ਹੋਵੇਗਾ। ਇਨ੍ਹਾਂ ਪਾਬੰਦੀਆਂ ਨੂੰ ਲਾਗੂ ਕਰਨ ਲਈ, ਆਸਟ੍ਰੇਲੀਆਈ ਬਾਰਡਰ ਫੋਰਸ ਨੂੰ ਵਾਧੂ 250 ਲੱਖ ਡਾਲਰ ਪ੍ਰਾਪਤ ਹੋਣਗੇ, ਅਤੇ ਥੈਰੇਪਿਊਟਿਕ ਗੁਡਜ਼ ਐਡਮਿਨਿਸਟ੍ਰੇਸ਼ਨ ਨੂੰ ਅਗਲੇ ਦੋ ਸਾਲਾਂ ਵਿੱਚ 596 ਲੱਖ ਡਾਲਰ ਮਿਲਣਗੇ।
1 ਮਾਰਚ ਤੋਂ ਹੋਰ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ, ਜਿਸ ਵਿੱਚ ਵੇਪਸ ਦੀ ਨਿੱਜੀ ਦਰਾਮਦ, ਸਾਰੇ ਗੈਰ-ਚਿਕਿਤਸਕ ਵੇਪਸ ’ਤੇ ਪਾਬੰਦੀ ਲਗਾਉਣਾ ਅਤੇ ਡਾਕਟਰਾਂ ਵਲੋਂ ਸਿਫ਼ਾਰਸ਼ ਕੀਤੇ ਵੇਪਸ ਦੇ ਨਿਰਮਾਤਾਵਾਂ ਅਤੇ ਦਰਾਮਦਕਾਰਾਂ ਲਈ ਸਖਤ ਪਾਲਣਾ ਕਾਨੂੰਨ ਲਾਗੂ ਕਰਨਾ ਸ਼ਾਮਲ ਹੈ। 2023-24 ਦੇ ਫੈਡਰਲ ਬਜਟ ਵਿੱਚ 295 ਲੱਖ ਡਾਲਰ ਵਾਧੂ ਅਲਾਟ ਕੀਤੇ ਗਏ ਹਨ ਤਾਂ ਜੋ ਆਸਟ੍ਰੇਲੀਆਈ ਲੋਕਾਂ ਨੂੰ ਵੇਪਿੰਗ ਛੱਡਣ ਵਿੱਚ ਮਦਦ ਕੀਤੀ ਜਾ ਸਕੇ। ਸਿਹਤ ਅਤੇ ਬਜ਼ੁਰਗ ਦੇਖਭਾਲ ਮੰਤਰੀ ਮਾਰਕ ਬਟਲਰ ਨੇ ਵੇਪਿੰਗ ’ਤੇ ਚਿੰਤਾ ਜ਼ਾਹਰ ਕੀਤੀ ਹੈ ਜਿਸ ਨਾਲ ਲੋਕਾਂ ਦੀ ਨਿਕੋਟੀਨ ਨਿਰਭਰਤਾ ਵਧ ਰਹੀ ਹੈ, ਖ਼ਾਸਕਰ ਨੌਜਵਾਨਾਂ ਵਿੱਚ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵੇਪਿੰਗ ਨੂੰ ਸ਼ੁਰੂ ਵਿੱਚ ਇੱਕ ਚਿਕਿਤਸਕ ਉਤਪਾਦ ਵਜੋਂ ਪੇਸ਼ ਕੀਤਾ ਗਿਆ ਸੀ ਤਾਂ ਜੋ ਲੰਬੇ ਸਮੇਂ ਤੱਕ ਤੰਬਾਕੂਨੋਸ਼ੀ ਛੱਡਣ ਵਿੱਚ ਸਹਾਇਤਾ ਕੀਤੀ ਜਾ ਸਕੇ, ਨਾ ਕਿ ਮਨੋਰੰਜਨ ਉਤਪਾਦ ਵਜੋਂ।
ਆਸਟਰੇਲੀਆ ਵਿੱਚ ਸਿੰਗਲ-ਯੂਜ਼ ਵੇਪਸ ਦੇ ਨਿਰਮਾਣ, ਇਸ਼ਤਿਹਾਰਬਾਜ਼ੀ, ਸਪਲਾਈ ਅਤੇ ਵਪਾਰਕ ਕਬਜ਼ੇ ਨੂੰ ਰੋਕਣ ਲਈ 2024 ਵਿੱਚ ਹੋਰ ਕਾਨੂੰਨ ਪੇਸ਼ ਕੀਤੇ ਜਾਣਗੇ। ਚਿਕਿਤਸਕ ਵੇਪਸ ਲਈ ਉਤਪਾਦ ਦੇ ਮਿਆਰਾਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ, ਜਿਸ ਵਿੱਚ ਤਜਵੀਜ਼ ਕੀਤੇ ਵੇਪਸ ਦੇ ਉਪਲਬਧ ਸੁਆਦਾਂ ਨੂੰ ਸੀਮਤ ਕਰਨਾ, ਨਿਕੋਟੀਨ ਦੀ ਮਾਤਰਾ ਨੂੰ ਘਟਾਉਣਾ ਅਤੇ ਫਾਰਮਾਸਿਊਟੀਕਲ ਪੈਕੇਜਿੰਗ ਨੂੰ ਲਾਗੂ ਕਰਨਾ ਸ਼ਾਮਲ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, 14 ਤੋਂ 17 ਸਾਲ ਦੀ ਉਮਰ ਦੇ ਸੱਤ ਵਿੱਚੋਂ ਇੱਕ ਵਿਅਕਤੀ ਡਿਸਪੋਜ਼ੇਬਲ ਵੇਪਸ ਦੀ ਵਰਤੋਂ ਕਰਦਾ ਹੈ, ਜਦਕਿ 18 ਤੋਂ 24 ਸਾਲ ਦੇ ਹਰ ਪੰਜ ਵਿੱਚੋਂ ਇੱਕ ਵਿਅਕਤੀ ਅਜਿਹਾ ਕਰਦਾ ਹੈ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਇਸ ਵੱਡੇ ਜਨਤਕ ਸਿਹਤ ਮੁੱਦੇ ਨੂੰ ਹੱਲ ਕਰਨਾ ਹੈ, ਕਿਉਂਕਿ ਤੰਬਾਕੂਨੋਸ਼ੀ ਆਸਟਰੇਲੀਆ ਵਿੱਚ ਮੌਤ ਅਤੇ ਬਿਮਾਰੀ ਦਾ ਪ੍ਰਮੁੱਖ ਰੋਕਥਾਮ ਯੋਗ ਕਾਰਨ ਹੈ।