ਜਾਣੋ, ਇੰਡੀਆ ਦੇ 41 ਵਰਕਰਾਂ ਨੂੰ ਬਚਾਉਣ ਵਾਲਾ ਕੌਣ ਹੈ ਮੈਲਬਰਨ ਦਾ ‘ਸੁਰੰਗ ਮਾਹਿਰ’! ਪੜ੍ਹੋ ਰਿਪੋਰਟ! (Professor Dix)

ਮੈਲਬਰਨ: ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਸਫਲਤਾਪੂਰਵਕ ਬਾਹਰ ਕੱਢਣ ਵਾਲੇ ਆਪਰੇਸ਼ਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਸਟ੍ਰੇਲੀਆ ਦੇ ਆਰਨੋਲਡ ਡਿਕਸ (Professor Dix) ਦੀ ਭਾਰਤ ’ਚ ਭਰਪੂਰ ਤਾਰੀਫ਼ ਹੋ ਰਹੀ ਹੈ। 12 ਨਵੰਬਰ ਤੋਂ ਭਾਰਤ ਦੇ ਸਟੇਟ ਉੱਤਰਾਖੰਡ ਸਥਿਤ ਸੁਰੰਗ ’ਚ ਫਸੇ ਲੋਕਾਂ ਨੂੰ ਆਖ਼ਰ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਪੂਰੇ ਭਾਰਤ ’ਚ ਮੰਗਲਵਾਰ ਰਾਤ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਜ਼ਮੀਨ ਖਿਸਕਣ ਕਾਰਨ 17 ਦਿਨਾਂ ਤੋਂ ਇਕ ਉਸਾਰੀ ਅਧੀਨ ਸੁਰੰਗ ’ਚ ਫਸੇ ਰਹਿਣ ਤੋਂ ਬਾਅਦ ਮਜ਼ਦੂਰਾਂ ਦੇ ਵੱਡੇ ਸਮੂਹ ਨੂੰ ਉੱਤਰਕਾਸ਼ੀ ਵਿਚ ਸਿਲਕੀਆਰਾ-ਬਾਰਕੋਟ ਸੁਰੰਗ ਤੋਂ ਬਾਹਰ ਕੱਢਿਆ ਗਿਆ।

ਮੈਲਬਰਨ ਅਧਾਰਤ ਬੈਰਿਸਟਰ, ਵਿਗਿਆਨੀ ਅਤੇ ਇੰਜੀਨੀਅਰਿੰਗ ਦੇ ਪ੍ਰੋਫੈਸਰ ਡਿਕਸ ਨੇ ਇਸ ਬਚਾਅ ਨੂੰ ‘ਚਮਤਕਾਰ’ ਦੱਸਿਆ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੇਰੇ ਕੋਲ ਉਹ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਮੈਂ ਦੱਸ ਸਕਾਂ ਕਿ ਅਸੀਂ ਕਿਵੇਂ ਮਹਿਸੂਸ ਕਰ ਰਹੇ ਹਾਂ। ਇਹ ਚਮਤਕਾਰ ਵਰਗਾ ਹੈ ਜੋ ਇੱਥੇ ਵਾਪਰ ਰਿਹਾ ਹੈ। ਅਸੀਂ ਕਿਸੇ ਤਰ੍ਹਾਂ ਲੱਖਾਂ ਟਨ ਡਿੱਗੇ ਮਲਬੇ ਵਿਚੋਂ ਰਾਹ ਕੱਢਣ ਢਾਈ ਕੁ ਹਫਤਿਆਂ ਤੋਂ ਫਸੇ ਲੋਕਾਂ ਨੂੰ ਬਚਾਉਣ ਵਿਚ ਕਾਮਯਾਬ ਰਹੇ ਹਾਂ।’’

ਪ੍ਰੋਫੈਸਰ ਡਿਕਸ ਸਵਿਟਜ਼ਰਲੈਂਡ ਦੇ ਜਿਨੇਵਾ ਸਥਿਤ ਇੰਟਰਨੈਸ਼ਨਲ ਟਨਲਿੰਗ ਐਂਡ ਅੰਡਰਗਰਾਊਂਡ ਸਪੇਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਉਹ 20 ਨਵੰਬਰ ਨੂੰ ਭਾਰਤ ਆਏ ਸਨ ਜਦੋਂ ਸਰਕਾਰ ਨੇ ਮਿਸ਼ਨ ਵਿੱਚ ਮਦਦ ਲਈ ਉਨ੍ਹਾਂ ਨੂੰ ਸੱਦਿਆ ਸੀ। ਹੈਲੀਕਾਪਟਰ ’ਚ ਸੁਰੰਗ ਤਕ ਪਹੁੰਚੇ ਪ੍ਰੋਫੈਸਰ ਡਿਕਸ ਨੇ ਕਿਹਾ, ‘‘ਮੇਰੇ ਸਾਹਮਣੇ ਇੱਕ ਪਹਾੜ ਸੀ ਜਿਸ ਸੁਰੰਗ ਬਣਾਈ ਜਾ ਰਹੀ ਅਤੇ ਇਹ ਅੰਦਰੋਂ ਟੁੱਟ ਗਈ ਸੀ। ਲੱਖਾਂ ਟਨ ਪੱਥਰ, ਕੰਕਰੀਟ ਅਤੇ ਮੁੜੀ ਹੋਏ ਸਰੀਏ ਇਸ ’ਚ ਫਸੇ ਲੋਕਾਂ ਦਾ ਰਾਹ ਰੋਕੀ ਖੜੇ ਸਨ।’’ ਮਲਬੇ ’ਚੋਂ ਰਾਹ ਬਣਾਉਣ ਲਈ ਉਸ ਸਮੇਂ ਕਾਫ਼ੀ ਸਮੱਸਿਆ ਪੈਦਾ ਹੋ ਗਈ ਸੀ ਜਦੋਂ ਦੋ ਔਗਰ ਮਸ਼ੀਨਾਂ ਖ਼ਰਾਬ ਹੋ ਗਈਆਂ ਅਤੇ ਇੱਕ ਮਸ਼ੀਨ ਦੇ ਬਲੇਡ ਮਲਬੇ ਅੰਦਰ ਹੀ ਫੱਸ ਗਏ। ਇਸ ਕਾਰਨ ਮਲਬੇ ’ਚ ਪਾਈਪਾਂ ਪਾਉਣ ਦਾ ਕੰਮ ਤਿੰਨ ਦਿਨਾਂ ਤਕ ਰੁਕਿਆ ਰਿਹਾ। ਬਲੇਡਾਂ ਨੂੰ ਪਲਾਜ਼ਮਾ ਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਹੱਥਾਂ ਨਾਲ ਪੁਟਾਈ ਕਰਨ ਲਈ ‘ਰੈਟ ਮਾਈਨਰਸ’ ਨੂੰ ਕੰਮ ’ਤੇ ਲਾਇਆ ਗਿਆ।

ਸੁਰੰਗ ਬਣਾਉਣ ਦੇ ਇਸ ਮਾਹਰ ਨੂੰ ਮੰਗਲਵਾਰ ਸਵੇਰੇ ਸੁਰੰਗ ਬਾਹਰ ਹਾਦਸੇ ਤੋਂ ਬਾਅਦ ਬਣਾਏ ਇੱਕ ਮੰਦਰ ਦੇ ਪੁਜਾਰੀ ਸਾਹਮਣੇ ਬੈਠ ਕੇ ਮਜ਼ਦੂਰਾਂ ਨੂੰ ਸਫਲਤਾਪੂਰਵਕ ਬਾਹਰ ਕੱਢਣ ਲਈ ਪ੍ਰਾਰਥਨਾ ਕਰਦਿਆਂ ਵੀ ਵੇਖਿਆ ਗਿਆ। ਉਨ੍ਹਾਂ ਕਿਹਾ, ‘‘ਕੁਝ ਪ੍ਰਾਰਥਨਾਵਾਂ ਤੋਂ ਇਲਾਵਾ ਅਖ਼ੀਰਲੇ ਪੜਾਅ ’ਤੇ ਹੱਥਾਂ ਨਾਲ ਪੁਟਾਈ ਕਰਨ ਵਰਗੀ ਸਖ਼ਤ ਮਿਹਨਤ ਬਦੌਲਤ ਹੀ ਬਚਾਅ ਟੀਮ ਆਪਣਾ ਟੀਚੇ ਪ੍ਰਾਪਤ ਕਰਨ ’ਚ ਕਾਮਯਾਬ ਰਹੀ।’’

ਉਨ੍ਹਾਂ ਕਿਹਾ, ‘‘ਆਖ਼ਰੀ ਦਿਨ ਅਸੀਂ 100-100 ਮਿਲੀਮੀਟਰ ਦੀਆਂ ਪਾਈਪਾਂ ਵਿਛਾਈਆਂ। ਲੋਕਾਂ ਨੇ ਹੱਥਾਂ ਨਾਲ ਹੌਲੀ-ਹੌਲੀ ਮਲਬਾ ਹਟਾਇਆ। ਇਸ ਤਰ੍ਹਾਂ ਅਸੀਂ ਇਹ ਮੁਹਿੰਮ ਸਰ ਕੀਤੀ। ਮੇਰਾ ਮਤਲਬ ਹੈ ਕਿ ਇਹ ਲਗਭਗ ਅਵਿਸ਼ਵਾਸ਼ਯੋਗ ਹੈ।’’ ਉਨ੍ਹਾਂ ਦਾ ਕਹਿਣਾ ਹੈ, ‘‘ਇਹ ਹਿੰਦੂਆਂ ਲਈ ਸਭ ਤੋਂ ਪਵਿੱਤਰ ਇਲਾਕਾ ਹੈ, ਇਹ ਉਹੀ ਥਾਂ ਹੈ ਜਿੱਥੇ ਬੀਟਲਜ਼ ਕਦੇ ਆਏ ਸਨ… ਅਤੇ ਕਿਸੇ ਨਾ ਕਿਸੇ ਤਰ੍ਹਾਂ ਏਨਾ ਸਾਰਾ ਮਲਬਾ ਡਿੱਗਣ ਦੇ ਬਾਵਜੂਦ 41 ਆਦਮੀ ਆਪਣੇ ਘਰ ਪਰਤ ਆਏ ਅਤੇ ਕਿਸੇ ਨੂੰ ਸੱਟ ਨਹੀਂ ਲੱਗੀ ਹੈ। ਇਹ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ।’’

‘‘ਅਤੇ ਅੰਤ ਵਿੱਚ ਭਾਰਤ ਦੇ ਮਾਹਰ – ਮੇਰੇ ਵਰਗੇ ਮਾਹਰ, ਦੁਨੀਆ ਭਰ ਦੇ – ਅਸੀਂ ਸਾਰੇ ਇਕੱਠੇ ਹੋਏ। ਹਵਾਈ ਸੈਨਾ, ਫੌਜ, ਸਾਰੀਆਂ ਸਰਕਾਰੀ ਏਜੰਸੀਆਂ, ਸਾਰੀਆਂ ਵੱਖ-ਵੱਖ ਸਰਕਾਰਾਂ। ਅਸੀਂ ਕਿਹਾ ਕਿ ਸਾਨੂੰ ਪੱਕਾ ਯਕੀਨ ਹੈ ਕਿ ਅਸੀਂ ਫਸੇ ਲੋਕਾਂ ਨੂੰ ਬਾਹਰ ਕੱਢ ਲਵਾਂਗੇ, ਸਾਨੂੰ ਇਹ ਪੱਕਾ ਪਤਾ ਨਹੀਂ ਹੈ ਕਿ ਕਿਵੇਂ ਪਰ ਅਸੀਂ ਇਸ ਦਾ ਪਤਾ ਲਗਾਉਣ ਜਾ ਰਹੇ ਹਾਂ।’’

ਭਾਰਤ ’ਚ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਪ੍ਰੋਫੈਸਰ ਡਿਕਸ ਦੀ ਵਿਸ਼ੇਸ਼ ਤੌਰ ‘ਤੇ ਸਿਫ਼ਤ ਕੀਤੀ ਹੈ। ਕੁਝ ਲੋਕਾਂ ਨੇ ਇਥੋਂ ਤਕ ਲਿਖ ਦਿਤਾ ਕਿ ਪ੍ਰੋਫੈਸਰ ਡਿਕਸ ਇੱਕੋ-ਇੱਕ ਅਜਿਹੇ ਵਿਅਕਤੀ ਹਨ ਜਿਸ ਨੇ ਭਾਰਤ ਨੂੰ ਚੰਗੀ ਖ਼ਬਰ ਦਿੱਤੀ ਹੈ। ਇਸ ਮਹੀਨੇ ਪੂਰਾ ਭਾਰਤ ਉਦੋਂ ਨਿਰਾਸ਼ ਹੋ ਗਿਆ ਸੀ ਜਦੋਂ ਕ੍ਰਿਕੇਟ ਵਰਲਡ ਕੱਪ ਦੇ ਫ਼ਾਈਨਲ ’ਚ ਭਾਰਤੀ ਟੀਮ ਨੂੰ ਆਸਟ੍ਰੇਲੀਆ ਨੇ ਹਰਾ ਕੇ ਵਿਸ਼ਵ ਕੱਪ ਆਪਣੇ ਨਾਂ ਕਰ ਲਿਆ ਸੀ। ਪਰ ਖ਼ੁਦ ਪ੍ਰੋਫੈਸਰ ਡਿਕਸ ਨੇ ਆਪਣੇ ਆਪ ਨੂੰ ਹੀਰੋ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਗੱਲ ’ਤੇ ਧਿਆਨ ਕੇਂਦਰਿਤ ਕੀਤਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਜਦੋਂ ਲੋਕ ਇਕੱਠੇ ਕੰਮ ਕਰਦੇ ਹਨ ਤਾਂ ਉਹ ਕਿਵੇਂ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਇਸ ਗੱਲ ਦਾ ਅਸਲ ਸਬੂਤ ਹੈ ਕਿ ਮਿਲ ਕੇ ਇਨਸਾਨ ਕੀ ਕਰ ਸਕਦੇ ਹਨ ਅਤੇ ਉਹ ਕੀ ਪ੍ਰਾਪਤ ਕਰ ਸਕਦੇ ਹਨ ਜਦੋਂ ਉਹ ਸਾਰੇ ਸਹੀ ਕਾਰਨਾਂ ਕਰ ਕੇ ਪ੍ਰੇਰਿਤ ਹੁੰਦੇ ਹਨ। ਅਸੀਂ ਸਾਰੇ ਇੱਥੇ 41 ਲੋਕਾਂ ਦੇ ਬੱਚਿਆਂ ਨੂੰ ਘਰ ਭੇਜਣ ਲਈ ਇਕੱਠੇ ਹੋਏ ਸੀ। ਇਹ ਬਹੁਤ ਮਿਹਨਤੀ ਲੋਕ ਹਨ ਜੋ ਗਲਤ ਸਮੇਂ ’ਤੇ ਗਲਤ ਜਗ੍ਹਾ ’ਤੇ ਸਨ ਅਤੇ ਅਸੀਂ ਉਨ੍ਹਾਂ ਨੂੰ ਘਰ ਲੈ ਆਏ ਹਾਂ।’’ ਉਨ੍ਹਾਂ ਕਿਹਾ, ‘‘ਦੁਨੀਆਂ ਦਾ ਮਤਲਬ ਇਹੀ ਹੈ? ਹਰ ਕੋਈ ਅਜਿਹਾ ਨਹੀਂ ਸੀ? ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਉਹ ਕਿਹੜੀ ਭਾਸ਼ਾ ਬੋਲਦੇ ਹਨ ਅਤੇ ਉਹ ਕਿਸ ਰੱਬ ਨੂੰ ਪ੍ਰਾਰਥਨਾ ਕਰਦੇ ਹਨ, ਮੈਨੂੰ ਰਾਜਨੀਤੀ ਦੀ ਪਰਵਾਹ ਨਹੀਂ ਹੈ।’’

ਸਾਰੇ ਮਜ਼ਦੂਰ ਸਿਹਤਮੰਦ

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਬਚਾਏ ਗਏ ਸਾਰੇ 41 ਮਜ਼ਦੂਰ ਸਿਹਤਮੰਦ ਜਾਪਦੇ ਹਨ। ਉਨ੍ਹਾਂ ਕਿਹਾ, ‘‘ਕਿਉਂਕਿ ਉਹ ਬਹੁਤ ਵੱਖਰੇ ਵਾਤਾਵਰਣ ਤੋਂ ਬਾਹਰ ਆਏ ਹਨ, ਅਸੀਂ ਡਾਕਟਰ ਦੀ ਸਲਾਹ ਦੀ ਪਾਲਣਾ ਕਰਾਂਗੇ – ਪਹਿਲਾਂ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ।’’ ਧਾਮੀ ਨੇ ਕਿਹਾ ਕਿ ਕਿਸੇ ਦੀ ਹਾਲਤ ਨਾਜ਼ੁਕ ਨਹੀਂ ਹੈ। ਉਨ੍ਹਾਂ ਦੇ ਕੋਈ ਵੀ ਲੱਛਣ ਕਮਜ਼ੋਰੀ ਜਾਂ ਬੁਖਾਰ ਦੇ ਨਹੀਂ ਹਨ, ਉਹ ਸਾਰੇ ਸਿਹਤਮੰਦ ਹਨ। ਹਾਲਾਂਕਿ ਉਨ੍ਹਾਂ ਲਈ ਬਾਹਰ ਆਉਣ ਲਈ ਸਟ੍ਰੈਚਰ ਸਨ, ਪਰ ਉਨ੍ਹਾਂ ਨੇ ਆਪਣੇ ਆਪ ਰਿੜ੍ਹ ਕੇ ਬਾਹਰ ਆਉਣ ਦਾ ਫੈਸਲਾ ਕੀਤਾ। ਧਾਮੀ ਨੇ ਕਰਮਚਾਰੀਆਂ, ਇੰਜੀਨੀਅਰਾਂ ਅਤੇ ਸਰਕਾਰੀ ਵਿਭਾਗਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਚਾਅ ਮਿਸ਼ਨ ਵਿੱਚ ਤਾਲਮੇਲ ਕਰਨ ਵਿੱਚ ਸਹਾਇਤਾ ਕੀਤੀ। ਧਾਮੀ ਨੇ ਕਿਹਾ ਕਿ ਬਚਾਏ ਗਏ ਮਜ਼ਦੂਰਾਂ ਨੂੰ 1 ਲੱਖ ਰੁਪਏ (ਲਗਭਗ 1805 ਆਸਟ੍ਰੇਲੀਆਈ ਡਾਲਰ) ਦੇ ਚੈੱਕ ਦਿੱਤੇ ਜਾਣਗੇ।