ਮੈਲਬਰਨ: ਨਕਦ ਭੁਗਤਾਨ ਦੀ ਵਰਤੋਂ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ ਹੈ, ਜਦਕਿ ਭੁਗਤਾਨ ਲਈ ਇਲੈਕਟ੍ਰਾਨਿਕ ਤਰੀਕੇ ਨੂੰ ਅਪਨਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਦੇ ਖਪਤਕਾਰ ਭੁਗਤਾਨ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ’ਚ ਤਿੰਨ ਸਾਲ ਪਹਿਲਾਂ ਨਕਦ ਭੁਗਤਾਨ ਕਰਨ ਵਾਲੇ ਲੋਕਾਂ ਦੀ ਗਿਣਤੀ 27 ਪ੍ਰਤੀਸ਼ਤ ਸੀ, ਜੋ ਹੁਣ ਘਟ ਕੇ ਸਿਰਫ 13 ਪ੍ਰਤੀਸ਼ਤ ਰਹਿ ਗਈ ਹੈ।
ਕੇਂਦਰੀ ਬੈਂਕ ਨੇ ਕਿਹਾ ਕਿ ਮੋਬਾਈਲ ਫ਼ੋਨ ਨਾਲ ਭੁਗਤਾਨ ਵੱਧ ਤੋਂ ਵੱਧ ਆਸਾਨ ਅਤੇ ਸੰਪਰਕ ਰਹਿਤ ਹੋਣ ਕਾਰਨ ਆਸਟ੍ਰੇਲੀਆਈ ਖਪਤਕਾਰਾਂ ਨੇ ਇਲੈਕਟ੍ਰਾਨਿਕ ਤਰੀਕੇ ਨਾਲ ਭੁਗਤਾਨ ਕਰਨ ਦੀ ਚੋਣ ਕੀਤੀ ਹੈ, ਜਿਸ ਨਾਲ ਨਕਦੀ ਲੈਣ-ਦੇਣ ਦਾ ਰੁਝਾਨ ਘੱਟ ਰਿਹਾ ਹੈ। ਬੈਂਕ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਆਸਟਰੇਲੀਆ ਦੇ ਲੋਕਾਂ ਦੀ ਨਕਦੀ ਰਹਿਤ ਦੁਨੀਆ ਵੱਲ ਵਧਣ ਦੀ ਰਫਤਾਰ ਤੇਜ਼ ਹੋ ਗਈ ਹੈ।
ਬੈਂਕ ਨੇ ਪਾਇਆ ਕਿ ਨਕਦ ਭੁਗਤਾਨ ਵਿਚ ਗਿਰਾਵਟ ਦਾ ਰੁਝਾਨ ਖਾਸ ਜਨਸੰਖਿਆ ਤੱਕ ਹੀ ਸੀਮਤ ਨਹੀਂ ਸੀ, ਬਲਕਿ ਹਰ ਉਮਰ, ਆਮਦਨ ਸਮੂਹਾਂ ਅਤੇ ਸਥਾਨਾਂ ਦੇ ਆਸਟ੍ਰੇਲੀਆਈ ਲੋਕ ਨਕਦੀ ਦੀ ਘੱਟ ਵਰਤੋਂ ਕਰਦੇ ਹਨ। 50 ਸਾਲ ਤੋਂ ਵੱਧ ਉਮਰ ਦੇ ਖਪਤਕਾਰਾਂ ਨੇ 2022 ਵਿਚ ਆਪਣੇ ਹਫਤਾਵਾਰੀ ਵਿਅਕਤੀਗਤ ਭੁਗਤਾਨ ਦਾ ਸਿਰਫ 22 ਪ੍ਰਤੀਸ਼ਤ ਨਕਦ ਵਿਚ ਕੀਤਾ, ਜਦੋਂ ਕਿ 2019 ਵਿਚ ਇਹ 42 ਪ੍ਰਤੀਸ਼ਤ ਅਤੇ 2007 ਵਿਚ 74 ਪ੍ਰਤੀਸ਼ਤ ਰਿਹਾ ਸੀ।
ਹਾਲਾਂਕਿ, ਕੁਝ ਆਸਟ੍ਰੇਲੀਆਈ ਅਜੇ ਵੀ ਨਕਦੀ ‘ਤੇ ਬਹੁਤ ਜ਼ਿਆਦਾ ਨਿਰਭਰ ਹਨ। ਸਰਵੇਖਣ ਵਿੱਚ ਸ਼ਾਮਲ ਲਗਭਗ 5 ਪ੍ਰਤੀਸ਼ਤ ਲੋਕ ਇਸ ਦੀ ਵਰਤੋਂ ਨਿੱਜਤਾ ਅਤੇ ਸੁਰੱਖਿਆ ਜਾਂ ਬਜਟ ਵਰਗੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸਾਰੇ ਵਿਅਕਤੀਗਤ ਭੁਗਤਾਨਾਂ ਲਈ ਇਸ ਕਿਸਮ ਦੇ ਭੁਗਤਾਨ ਦੀ ਵਰਤੋਂ ਕਰਦੇ ਹਨ। ਬੈਂਕ ਨੇ ਕਿਹਾ ਕਿ ਇਸ ਸਮੂਹ ਲਈ ਨਕਦੀ ਰਹਿਤ ਸਮਾਜ ਵੱਲ ਵਧਣਾ ਇਕ ਵੱਡੀ ਪ੍ਰੇਸ਼ਾਨੀ ਹੋਵੇਗੀ।