ਮੈਲਬਰਨ: 1840 ’ਚ ਮਾਰੀਆ ਨਾਮਕ ਜਹਾਜ਼ ਦੇ ਡੁੱਬਣ ਦੀ ਘਟਨਾ ’ਚ ਮੂਲ ਨਿਵਾਸੀਆਂ ਦੇ ਦ੍ਰਿਸ਼ਟੀਕੋਣ ਨੂੰ ਪਹਿਲੀ ਵਾਰੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ (Tell the Whole Story) ‘ਟੈੱਲ ਦਿ ਹੋਲ ਸਟੋਰੀ ਪ੍ਰੋਜੈਕਟ’ ਦੱਖਣ ਪੂਰਬ ਦੇ ਮੂਲ ਨਿਵਾਸੀਆਂ ਅਤੇ ਨੈਸ਼ਨਲ ਟਰੱਸਟ ਦੀ ਕਿੰਗਸਟਨ ਸਾਊਥ ਈਸਟ ਬ੍ਰਾਂਚ ਵਿਚਕਾਰ ਸਹਿਯੋਗ ਹੇਠ ਸ਼ੁਰੂ ਕੀਤਾ ਹੈ, ਜਿਸ ਦਾ ਉਦੇਸ਼ ਉਸ ਸਮੇਂ ਵਾਪਰੀ ਅਸਲੀਅਤ ਨੂੰ ਉਜਾਗਰ ਕਰਨਾ ਹੈ। ਪ੍ਰੋਜੈਕਟ ਅਧੀਨ ਕਿੰਗਸਟਨ ਸਾਊਥ ਈਸਟ ਵਿੱਚ ਇੱਕ ਨਵੇਂ ਮੂਲ ਨਿਵਾਸੀ ਬਾਗ਼ ਵਿੱਚ ਵਿਆਖਿਆਤਮਕ ਚਿੰਨ੍ਹ ਅਤੇ ਇੱਕ ਮੂਰਤੀ ਸਥਾਪਤ ਕੀਤੀ ਜਾਵੇਗੀ।
ਮਾਰੀਆ ਸਮੁੰਦਰੀ ਜਹਾਜ਼ ਦਾ ਹਾਦਸਾ 28 ਜੂਨ, 1840 ਨੂੰ ਵਾਪਰਿਆ ਸੀ ਜਦੋਂ ਇਹ ਜਹਾਜ਼ ਸਮੁੰਦਰ ’ਚ ਡੁੱਬ ਗਿਆ ਸੀ। ਇਸ ’ਤੇ ਸਵਾਰ ਸਾਰੇ ਜਣੇ ਤੈਰ ਕੇ ਕਿਨਾਰੇ ਤਕ ਪਹੁੰਚ ਗਏ ਸਨ ਪਰ ਛੇ ਬੱਚਿਆਂ ਸਮੇਤ ਸਾਰੇ 26 ਬਚੇ ਹੋਏ ਲੋਕਾਂ ਨੂੰ ਨਗਾਰਿੰਡਜੇਰੀ ਦੇਸ਼ ਦੇ ਮਿਲਮੇਂਡੁਰਾ ਕਬੀਲੇ ਵਿਚਲੇ ਤੰਗਾਨੇਕਲਡ ਲੋਕਾਂ ਨੇ ਮਾਰ ਦਿੱਤਾ ਸੀ। ਇਸ ਘਟਨਾ ਨੂੰ ‘ਆਸਟਰੇਲੀਆ ਦੇ ਬਸਤੀਵਾਦੀ ਇਤਿਹਾਸ ਵਿੱਚ ਮੂਲ ਵਾਸੀਆਂ ਵੱਲੋਂ ਯੂਰਪੀਅਨਾਂ ਦਾ ਸਭ ਤੋਂ ਵੱਡਾ ਕਤਲ’ ਮੰਨਿਆ ਜਾਂਦਾ ਹੈ।
ਕਤਲਾਂ ਦੇ ਕਾਰਨਾਂ ’ਤੇ ਵਿਵਾਦ ਹੈ। ਕੁਝ ਵੇਰਵੇ ਸੁਝਾਅ ਦਿੰਦੇ ਹਨ ਕਿ ਮੂਲ ਨਿਵਾਸੀ ਲੋਕਾਂ ਨੇ ਬਚੇ ਹੋਏ ਲੋਕਾਂ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਨ ਬਦਲੇ ਕੋਈ ਇਨਾਮ ਨਾ ਮਿਲਣ ਤੋਂ ਬਾਅਦ ਮਾਰ ਦਿੱਤਾ। ਇਕ ਹੋਰ ਵਿਚਾਰ ਇਹ ਹੈ ਕਿ ਬਚੇ ਲੋਕਾਂ ’ਚੋਂ ਕੁਝ ਵਲੋਂ ਮੂਲ ਨਿਵਾਸੀ ਔਰਤਾਂ ਨਾਲ ਛੇੜਖਾਨੀ ਕਤਲ ਕਰਨ ਦਾ ਕਾਰਨ ਹੋ ਸਕਦੀਆਂ ਹਨ। ਜਦੋਂ ਇਸ ਕਤਲ ਦੀ ਸੂਚਨਾ ਐਡੀਲੇਡ ਪੁੱਜੀ ਤਾਂ ਗਵਰਨਰ ਜੌਰਜ ਗਾਉਲਰ ਨੇ ਪੁਲਿਸ ਕਮਿਸ਼ਨਰ ਮੇਜਰ ਥੋਮਸ ਓ’ਹੈਲੋਰਨ ਦੀ ਅਗਵਾਈ ਇੱਕ ਪੁਲਿਸ ਟੀਮ ਨੂੰ ਤਿੰਨ ਕਾਤਲਾਂ ਦੀ ਪਛਾਣ ਕਰਨ ਅਤੇ ਫਾਂਸੀ ਦੇਣ ਦਾ ਹੁਕਮ ਦਿੱਤਾ। ਉਸ ਸਮੇਂ ਦੋ ਮੂਲ ਵਾਸੀ ਮਰਦਾਂ ਨੂੰ ਬਗ਼ੈਰ ਕਿਸੇ ਮੁਕੱਦਮੇ ਤੋਂ ਫਾਂਸੀ ’ਤੇ ਚੜ੍ਹਾਉਣ ਤੋਂ ਬਾਅਦ ਵੱਡੀ ਬਹਿਸ ਛਿੜ ਗਈ ਸੀ। ਵਿਵਾਦ ਵਧਣ ਤੋਂ ਬਾਅਦ ਗਾਉਲਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਇਸ ਪ੍ਰੋਜੈਕਟ ਦੀ ਅਗਵਾਈ ਪ੍ਰੋਫੈਸਰ ਆਈਰੀਨ ਵਾਟਸਨ ਅਤੇ ਸਥਾਨਕ ਨੈਸ਼ਨਲ ਟਰੱਸਟ ਬ੍ਰਾਂਚ ਤੋਂ ਟਾਂਗਨੇਕਲਡ, ਮੇਨਟੰਗਕ ਅਤੇ ਬੁੰਗਾਨਡਿਡਜ ਔਰਤ ਐਲੀਸਨ ਸਟਿਲਵੈਲ ਕਰ ਰਹੇ ਹਨ। ਪ੍ਰੋਜੈਕਟ ਦਾ ਉਦੇਸ਼ ਸਮਾਰਕਾਂ ਦੀ ਅਣਮਨੁੱਖੀ ਕਹਾਣੀ ਨੂੰ ਚੁਣੌਤੀ ਦੇਣਾ ਅਤੇ ਘਟਨਾ ਦੀ ਵਧੇਰੇ ਸੂਖਮ ਸਮਝ ਪ੍ਰਦਾਨ ਕਰਨਾ ਹੈ।