ਮੈਲਬਰਨ: ਆਸਟ੍ਰੇਲੀਆਈ ਵਿੱਚ ਅਧਿਕਾਰੀ ਇਸ ਸਮੇਂ ਇੱਕ ਘਟਨਾ ਦੀ ਜਾਂਚ ਕਰ ਰਹੇ ਹਨ ਜਿੱਥੇ 12 ਲੋਕਾਂ ਦਾ ਇੱਕ ਸਮੂਹ ਇੰਡੋਨੇਸ਼ੀਆ ਤੋਂ ਕਿਸ਼ਤੀ ਰਾਹੀਂ ਸਫ਼ਰ ਕਰਨ ਤੋਂ ਬਾਅਦ ਵੈਸਟ ਆਸਟ੍ਰੇਲੀਆਈ (WA) ਸਮੁੰਦਰੀ ਕੰਢੇ ਦੇ ਇੱਕ ਦੂਰ-ਦੁਰਾਡੇ ਹਿੱਸੇ ’ਤੇ ਅਣਪਛਾਤੇ ਉਤਰਿਆ। ਇਹ ਇਲਾਕਾ ਖ਼ਤਰਨਾਕ ਮੰਨਿਆ ਜਾਂਦਾ ਹੈ ਜੋ ਮਗਰਮੱਛਾਂ ਅਤੇ ਸੱਪਾਂ ਨਾਲ ਭਰਿਆ ਪਿਆ ਹੈ। ਹਾਲਾਂਕਿ ਕਿਸ਼ਤੀ ਸਵਾਰਾਂ ਨੂੰ ਸਥਾਨਕ ਮੂਲ ਵਾਸੀ ਲੋਕਾਂ ਵਲੋਂ ਬਚਾ ਲਿਆ ਗਿਆ ਸੀ ਜੋ ਵੈਸਟ ਆਸਟ੍ਰੇਲੀਆ ਦੇ ਉੱਤਰੀ ਸਿਰੇ ’ਤੇ, ਅੰਜੋ ਪ੍ਰਾਇਦੀਪ ਦੇ ਸੁੰਨਸਾਨ ਹਿੱਸੇ ’ਤੇ ਪਹੁੰਚੀ ਸੀ। ਕਿਸ਼ਤੀ ’ਚ ਸਵਾਰ ਲੋਕਾਂ ’ਚੋਂ ਕੁਝ ਪਾਕਿਸਤਾਨ ਦੇ ਦੱਸੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਹਰ ਵਿਅਕਤੀ ਨੇ ਇੰਡੋਨੇਸ਼ੀਆ ਤੋਂ ਇੱਥੇ ਆਉਣ ਲਈ 10 ਹਜ਼ਾਰ ਡਾਲਰ ਦਿੱਤੇ ਸਨ।
ਇਸ ਘਟਨਾ ਨੇ ਆਸਟ੍ਰੇਲੀਆ ਦੀ ਸਮੁੰਦਰੀ ਨਿਗਰਾਨੀ ਪ੍ਰਣਾਲੀਆਂ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਵਿਰੋਧੀ ਪਾਰਟੀਆਂ ਅਲਬਾਨੀਜ਼ ਸਰਕਾਰ ਤੋਂ ਜਵਾਬ ਮੰਗ ਰਹੀਆਂ ਹਨ। ਸਰਕਾਰ ਇਸ ਆਮਦ ’ਤੇ ਟਿੱਪਣੀ ਨਾ ਕਰਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਪਣੀ ਨੀਤੀ ’ਤੇ ਕਾਇਮ ਹੈ, ਪਰ ਇਹ ਘਟਨਾ ਉਸ ਲਈ ਇੱਕ ਵੱਡੀ ਸਿਆਸੀ ਸਿਰਦਰਦੀ ਬਣ ਗਈ ਹੈ। ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਸੈਨੇਟਰ ਜੇਮਸ ਪੈਟਰਸਨ ਨੇ ਕਿਹਾ ਕਿ ਇਹ ਰਿਪੋਰਟਾਂ ‘ਚਿੰਤਾਜਨਕ’ ਹਨ।
ਇਸ ਅਚਾਨਕ ਆਮਦ ਦੀ ਪੁਸ਼ਟੀ ਸਰਕਾਰ ਲਈ ਦੋ ਕੁ ਹਫ਼ਤੇ ਪਹਿਲਾਂ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੈਦਾ ਹੋਈ ਚੁਣੌਤੀ ਤੋਂ ਬਾਅਦ ਆਈ ਹੈ ਜਿਸ ’ਚ ਸਰਕਾਰ ਨੂੰ ਕਈ ਕਾਤਲਾਂ ਅਤੇ ਬਲਾਤਕਾਰੀਆਂ ਸਮੇਤ 100 ਤੋਂ ਵੱਧ ਸਾਬਕਾ ਇਮੀਗ੍ਰੇਸ਼ਨ ਨਜ਼ਰਬੰਦਾਂ ਨੂੰ ਰਿਹਾਅ ਕਰਨਾ ਪਿਆ ਸੀ।
ਕਿਸ਼ਤੀ ਤੋਂ ਉਤਰੇ ਲੋਕ ‘ਚੰਗੀ ਸਥਿਤੀ ਵਿੱਚ ਨਹੀਂ ਸਨ’ ਅਤੇ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਕਰ ਕੇ ਨਾਉਰੂ ਲਿਆਂਦਾ ਗਿਆ ਹੈ। ਪੁਲਿਸ ਨੂੰ ਉੱਥੋਂ ਕੋਈ ਕਿਸ਼ਤੀ ਨਹੀਂ ਮਿਲੀ। ਇਸ ਗੱਲ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲੋਕ ਸਰਹੱਦਾਂ ’ਤੇ ਸਖ਼ਤ ਨਿਗਰਾਨੀ ਤੋਂ ਬਚਣ ’ਚ ਕਿਸ ਤਰ੍ਹਾਂ ਕਾਮਯਾਬ ਰਹੇ। ਮਈ 2022 ਤੋਂ ਆਸਟ੍ਰੇਲੀਆ ’ਚ ਗੈਰ-ਕਾਨੂੰਨੀ ਤੌਰ ’ਤੇ ਪਹੁੰਚਣ ਦੀ ਕੋਸ਼ਿਸ਼ ’ਚ ਸਫਲਤਾਪੂਰਵਕ ਆਸਟ੍ਰੇਲੀਆਈ ਸਮੁੰਦਰੀ ਕੰਢੇ ’ਤੇ ਪੁੱਜਣ ਵਾਲੀ ਇਹ ਦਸਵੀਂ ਕਿਸ਼ਤੀ ਹੋਵੇਗੀ।