ਮੈਲਬਰਨ: ਤਸਮਾਨੀਆ ਯੂਨੀਵਰਸਿਟੀ ਵਿੱਚ ਮਾਸਟਰਸ ਡਿਗਰੀ ਕਰ ਰਿਹਾ ਇੱਕ ਭਾਰਤੀ ਮੂਲ ਦਾ ਵਿਦਿਆਰਥੀ 5 ਨਵੰਬਰ ਨੂੰ ਹੋਬਾਰਟ ਵਿੱਚ ਇੱਕ ਭਿਆਨਕ ਹਮਲੇ ਤੋਂ ਬਾਅਦ ਕੋਮਾ (Indian Student in Coma) ’ਚ ਹੈ। 20 ਕੁ ਸਾਲ ਦੇ ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਸ ਦੀ ਖੋਪੜੀ ਅੰਦਰ ਖ਼ੂਨ ਨਿਕਲਣ ਲੱਗਾ (Extra jural bleeding) । ਖ਼ੂਨ ਜ਼ਿਆਦਾ ਵਹਿਣ ਕਾਰਨ ਉਸ ਦਾ ਦਿਮਾਗ ਆਪਣੀ ਥਾਂ ਤੋਂ ਖਿਸਕ ਗਿਆ, ਅਤੇ ਸੱਜੇ ਫੇਫੜੇ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਰੌਇਲ ਹੋਬਾਰਟ ਹਸਪਤਾਲ ’ਚ ਉਸ ਦੇ ਦਿਮਾਗ ਦੀ ਕਈ ਘੰਟਿਆਂ ਤਕ ਸਰਜਰੀ ਚੱਲੀ।
ਕਥਿਤ ਹਮਲਾਵਰ, ਬੈਂਜਾਮਿਨ ਡੌਜ ਕੋਲਿੰਗਜ਼, ਲੇਨਾਹ ਵੈਲੀ ਦਾ ਇੱਕ 25 ਸਾਲਾਂ ਦਾ ਨਿਵਾਸੀ ਹੈ, ਜਿਸ ਉੱਤੇ ਅਪਰਾਧਿਕ ਕੋਡ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। ਇਸ ਅਪਰਾਧ ਲਈ ਉਸ ਨੂੰ ਵੱਧ ਤੋਂ ਵੱਧ 21 ਸਾਲ ਦੀ ਕੈਦ ਦੀ ਸਜ਼ਾ ਮਿਲ ਸਕਦੀ ਹੈ। ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਅਤੇ 4 ਦਸੰਬਰ ਨੂੰ ਉਹ ਮੁੜ ਅਦਾਲਤ ਵਿਚ ਪੇਸ਼ ਹੋਵੇਗਾ। ਪੁਲਿਸ ਨੇ ਕਿਹਾ ਹੈ ਕਿ ਉਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਦੇ ਨਸਲੀ ਨਫ਼ਰਤ ਕਾਰਨ ਵਾਪਰੇ ਹੋਣ ਦਾ ਕੋਈ ਸਬੂਤ ਨਹੀਂ ਹੈ।
ਇਸ ਘਟਨਾ ਕਾਰਨ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਫੇਸਬੁੱਕ ਗਰੁੱਪ ‘ਇੰਡੀਅਨਜ਼ ਇਨ ਤਸਮਾਨੀਆ’ ਨੇ ਇੱਕ ਪੋਸਟ ਰਾਹੀਂ ਪੀੜਤ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਭਾਈਚਾਰੇ ਦੇ ਮੈਂਬਰ ਅੰਤਰਰਾਸ਼ਟਰੀ ਵਿਦਿਆਰਥੀ ਬਚਾਅ ਅਤੇ ਸੁਰੱਖਿਆ ਦੇ ਮੁੱਦੇ ’ਤੇ ਜਾਗਰੂਕਤਾ ਪੈਦਾ ਕਰ ਰਹੇ ਹਨ। ਤਸਮਾਨੀਆ ’ਚ ਰਹਿਣ ਵਾਲੇ ਜਰਮਨਜੀਤ ਸਿੰਘ ਗਿੱਲ ਨੇ ਘਟਨਾ ’ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ, ‘‘ਜਿਸ ਵਿਅਕਤੀ ’ਤੇ ਦੋਸ਼ ਹਨ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਜਦਕਿ ਪੀੜਤ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ।’’ ਜਦਕਿ ਤਾਜਰੀਨ ਜਹਾਨ ਹੁਸੈਨ, ਜੋ ਇਸ ਘਟਨਾ ਅਤੇ ਇਸ ਦੇ ਪੈਣ ਵਾਲੇ ਅਸਰਾਂ ਬਾਰੇ ਜਾਗਰੂਕਤਾ ਫੈਲਾ ਰਹੀ ਹੈ, ਨੇ ਕਿਹਾ ਕਿ ਤਸਮਾਨੀਆ ’ਚ ਹਰ ਹਫ਼ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਕਿਸੇ ਨੂੰ ਇਨ੍ਹਾਂ ਦਾ ਪਤਾ ਨਹੀਂ ਲਗਦਾ। ਉਸ ਨੇ ਕਿਹਾ ਕਿ ਉਸ ਨੇ ਪੀੜਤ ਦੇ ਭਾਰਤ ਦੇ ਆਸਾਮ ਸੂਬੇ ’ਚ ਸਥਿਤ ਪ੍ਰਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ। ਪੀੜਤ ਦੇ ਦੋਸਤਾਂ ਨੇ ਕਿਹਾ ਕਿ ਉਸ ਦੇ ਪ੍ਰਵਾਰ ਕੋਲ ਪਾਸਪੋਰਟ ਨਹੀਂ ਹੈ ਜਿਸ ਕਾਰਨ ਉਹ ਆਸਟ੍ਰੇਲੀਆ ਨਹੀਂ ਆ ਸਕਦੇ।
ਤਸਮਾਨੀਆ ਯੂਨੀਵਰਸਿਟੀ ਇਸ ਘਟਨਾ ਤੋਂ ਜਾਣੂ ਹੈ ਅਤੇ ਪੀੜਤ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਨੇ ਅਨੁਵਾਦਕਾਂ, ਸੰਪਰਕ, ਰਿਹਾਇਸ਼ ਤੇ ਹੋਰ ਸਹਾਇਤਾ ਦੇ ਨਾਲ, ਕੇਸ ਲਈ ਇੱਕ ਗੁੰਝਲਦਾਰ ਕੇਸ ਮੈਨੇਜਰ ਨਿਯੁਕਤ ਕੀਤਾ ਹੈ। ਮੋਨਾਸ਼ ਯੂਨੀਵਰਸਿਟੀ ਤੋਂ ਮੀਡੀਆ ਦੇ ਤੀਜੇ ਸਾਲ ਦੀ ਵਿਦਿਆਰਥਣ ਰਿਤੀ ਜੇਰਥ ਦਾ ਮੰਨਣਾ ਹੈ ਕਿ ਅਜਿਹੀਆਂ ਘਟਨਾਵਾਂ ਦੀ ਗੱਲ ਆਉਣ ’ਤੇ ਯੂਨੀਵਰਸਿਟੀਆਂ ਅਤੇ ਭਾਈਚਾਰਿਆਂ ਨੂੰ ਜਾਗਰੂਕਤਾ ਲਈ ਹੋਰ ਕੰਮ ਕਰਨ ਦੀ ਲੋੜ ਹੈ। ਉਹ ਮਹਿਸੂਸ ਕਰਦੀ ਹੈ ਕਿ ਅਜਿਹੀਆਂ ਘਟਨਾਵਾਂ ਦਾ ਜਵਾਬ ਦੇਣ ਲਈ ਯੂਨੀਵਰਸਿਟੀਆਂ ਨੂੰ ਇੱਕ ਰੋਡਮੈਪ ਅਤੇ ਦਿਸ਼ਾ-ਨਿਰਦੇਸ਼ ਲਾਗੂ ਕਰਨੇ ਚਾਹੀਦੇ ਹਨ।