ਆਸਟ੍ਰੇਲੀਆ ਛੇਵੀਂ ਵਾਰੀ ਬਣਿਆ ਕ੍ਰਿਕੇਟ ਦਾ ਬਾਦਸ਼ਾਹ, ਜਾਣੋ ਵਿਸ਼ਵ ਕੱਪ (World Cup) ਦੇ ਬਿਹਰਤੀਨ ਖਿਡਾਰੀਆਂ ਦੀ ਕਾਰਗੁਜ਼ਾਰੀ

ਮੈਲਬਰਨ: ਆਸਟ੍ਰੇਲੀਆ ਨੇ ਐਤਵਾਰ ਨੂੰ ਇਕ ਵਾਰ ਫਿਰ ਸ਼ਾਨਦਾਰ ਮੌਕਿਆਂ ’ਤੇ ਸਰਵੋਤਮ ਪ੍ਰਦਰਸ਼ਨ ਕਰਨ ਦੀ ਆਪਣੀ ਸਮਰੱਥਾ ਦਿਖਾਈ ਅਤੇ 50 ਓਵਰਾਂ ਦੇ ਵਿਸ਼ਵ ਕੱਪ (World Cup) ਦਾ ਖਿਤਾਬ ਜਿੱਤਣ ਲਈ ਭਾਰਤ ਨੂੰ ਬੁਰੀ ਤਰ੍ਹਾਂ ਪਛਾੜ ਕੇ ਟੂਰਨਾਮੈਂਟ ਦੇ ਇਤਿਹਾਸ ’ਚ ਹੁਣ ਤਕ ਸਭ ਤੋਂ ਸਫਲ ਟੀਮ ਵਜੋਂ ਆਪਣਾ ਦਰਜਾ ਹੋਰ ਮਜ਼ਬੂਤ ਕੀਤਾ।

ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੇਡ ਨੇ ਸ਼ਾਨਦਾਰ ਸੈਂਕੜਾ ਜੜ ਕੇ ਟੂਰਨਾਮੈਂਟ ’ਚ ਲਗਾਤਾਰ 10 ਮੈਚ ਜਿੱਤ ਕੇ ਹੁਣ ਤਕ ਅਜੇਤੂ ਰਹੀ ਭਾਰਤੀ ਟੀਮ ਟੀਮ ਖ਼ਿਲਾਫ਼ ਛੇ ਵਿਕਟਾਂ ਦੀ ਜਿੱਤ ਦਰਜ ਕਰਨ ਮੋਢੀ ਭੂਮਿਕਾ ਨਿਭਾਈ ਅਤੇ ਮੈਨ ਆਫ਼ ਦ ਮੈਚ ਖਿਤਾਬ ਵੀ ਜਿੱਤਿਆ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 240 ਦੌੜਾਂ ਬਣਾਈਆਂ ਸਨ ਅਤੇ ਟੂਰਨਾਮੈਂਟ ’ਚ ਪਹਿਲੀ ਵਾਰੀ ਆਲ ਆਊਟ ਹੋ ਗਈ। ਜਦਕਿ ਆਸਟ੍ਰੇਲੀਆ ਨੇ ਸੱਤ ਓਵਰ ਬਾਕੀ ਰਹਿੰਦਿਆਂ ਹੀ ਟੀਚਾ ਹਾਸਲ ਕਰ ਲਿਆ।

ਹੇਡ ਨੇ 120 ਗੇਂਦਾਂ ’ਤੇ ਸ਼ਾਨਦਾਰ 137 ਦੌੜਾਂ ਦੀ ਪਾਰੀ ਖੇਡ ਕੇ ਆਸਟ੍ਰੇਲੀਆਈ ਟੀਮ ਦੇ ਸਿਖਰਲੇ ਬੱਲੇਬਾਜ਼ਾਂ ਦੇ ਛੇਤੀ ਆਊਟ ਹੋਣ ਦੇ ਝਟਕੇ ਤੋਂ ਟੀਮ ਨੂੰ ਬਚਾ ਲਿਆ। ਇਕ ਸਮੇਂ ਆਸਟ੍ਰੇਲੀਆ ਦੇ 47 ਦੌੜਾਂ ’ਤੇ ਤਿੰਨ ਵਿਕਟ ਡਿੱਗ ਚੁੱਕੇ ਸਨ। 2012 ਦੀ ਚੈਂਪੀਅਨਜ਼ ਟਰਾਫੀ ਤੋਂ ਬਾਅਦ ਕੋਈ ਆਲਮੀ ਖਿਤਾਬ ਨਾ ਜਿੱਤ ਸਕਣ ਵਾਲੀ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ’ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ ਅਤੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖਿਤਾਬ ਦੇ ਸੋਕੇ ਨੂੰ ਖਤਮ ਕਰਨ ਲਈ ਬਜਿੱਦ ਜਾਪਦੀ ਸੀ।

ਪਰ ਆਖ਼ਰਕਾਰ, ਪੈਟ ਕਮਿੰਸ ਦੀ ਅਗਵਾਈ ਵਾਲੀ ਆਸਟਰੇਲੀਆ ਦੀ ਟੀਮ, ਜਿਸ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਲਗਾਤਾਰ ਦੋ ਹਾਰਾਂ ਨਾਲ ਕੀਤੀ ਸੀ, ਨੇ ਸਾਬਤ ਕਰ ਦਿੱਤਾ ਕਿ ਆਸਟ੍ਰੇਲੀਆ ਦਬਾਅ ਹੇਠ ਬਿਹਤਰੀਨ ਪ੍ਰਦਰਸ਼ਨ ਕਰਦਾ ਹੈ ਜਿਸ ਕਾਰਨ ਹੀ ਉਸ ਨੂੰ ਦੁਨੀਆਂ ਦੀ ਬਿਹਤਰੀਨ ਕ੍ਰਿਕੇਟ ਟੀਮ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਨੇ 2011 ’ਚ ਭਾਰਤ ਵੱਲੋਂ ਸ਼ੁਰੂ ਕੀਤਾ ਗਿਆ ਇਸ ਖਿਤਾਬ ਦੇ ਮੇਜ਼ਬਾਨ ਦੇਸ਼ ਵਲੋਂ ਜਿੱਤਣ ਦਾ ਸਿਲਸਿਲਾ ਵੀ ਤੋੜ ਦਿੱਤਾ। 2011 ਤੋਂ ਬਾਅਦ ਉਹ ਪਹਿਲੀ ਟੀਮ ਹੈ ਜਿਸ ਨੇ ਵਿਦੇਸ਼ੀ ਧਰਤੀ ’ਤੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ।

ਖਿਤਾਬ ਜਿੱਤਣ ਤੋਂ ਬਾਅਦ ਕਮਿੰਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਅੰਤਰਰਾਸ਼ਟਰੀ ਕ੍ਰਿਕਟ ਦਾ ਸਿਖਰ ਹੈ, ਇੱਕ ਦਿਨਾ ਵਿਸ਼ਵ ਕੱਪ ਜਿੱਤਣਾ। ਇਹ ਸਾਰਿਆਂ ਲਈ ਇੱਕ ਵੱਡਾ ਸਾਲ ਰਿਹਾ ਹੈ, ਪਰ ਸਾਡੀ ਕ੍ਰਿਕਟ ਟੀਮ ਭਾਰਤ ਵਿੱਚ ਅਤੇ ਏਸ਼ੇਜ਼ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣਾ ਬਹੁਤ ਵੱਡੀ ਗੱਲ ਹੈ। ਇਹ ਉਹ ਪਲ ਹਨ ਜੋ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਯਾਦ ਰੱਖੋਗੇ।’’

ਦੂਜੇ ਪਾਸੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਖ਼ਰੀ ਪੜਾਅ ’ਤੇ ਡਿੱਗਣਾ ਇੱਕ ਭਾਰੀ ਝਟਕਾ ਸੀ ਅਤੇ ਉਹ ਨਿਰਾਸ਼ ਦਿਖਾਈ ਦਿੱਤੇ ਜਦੋਂ ਕਿ ਆਸਟਰੇਲੀਆ ਨੇ ਜਸ਼ਨ ਮਨਾਇਆ। ਰਾਹੁਲ ਗੋਡਿਆਂ ਤੱਕ ਝੁਕ ਗਿਆ, ਜਦੋਂ ਕਿ ਮੁਹੰਮਦ ਸਿਰਾਜ ਹੰਝੂਆਂ ਵਿੱਚ ਸੀ। ਇੱਥੋਂ ਤੱਕ ਕਿ ਕੋਹਲੀ ਨੂੰ ਵੀ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣੇ ਜਾਣ ਨਾਲ ਬਹੁਤ ਘੱਟ ਸਕੂਨ ਮਿਲਿਆ।

World Cup 2023 ਦੇ ਬਿਹਤਰੀਨ ਖਿਡਾਰੀ

ਸਭ ਤੋਂ ਵੱਧ ਦੌੜਾਂ: ਵਿਰਾਟ ਕੋਹਲੀ (765)
ਸਰਵੋਤਮ ਵਿਅਕਤੀਗਤ ਸਕੋਰ: ਗਲੇਨ ਮੈਕਸਵੈੱਲ (201*)
ਸਭ ਤੋਂ ਵੱਧ ਸੈਂਕੜੇ: ਕਵਿੰਟਨ ਡੀ ਕਾਕ (4)
ਸਭ ਤੋਂ ਵੱਧ ਛੱਕੇ: ਰੋਹਿਤ ਸ਼ਰਮਾ (31)
ਸਭ ਤੋਂ ਵੱਧ ਵਿਕਟਾਂ: ਮੁਹੰਮਦ ਸ਼ਮੀ (24)
ਸਰਵੋਤਮ ਅੰਕੜੇ: ਮੁਹੰਮਦ ਸ਼ਮੀ (7/57)
ਸਭ ਤੋਂ ਵੱਧ ਵਿਕਟ ਕੀਪਰ ਆਊਟ: ਕੁਇੰਟਨ ਡੀ ਕਾਕ (20)
ਸਭ ਤੋਂ ਵੱਧ ਆਊਟਫੀਲਡ ਕੈਚ: ਡੇਰਿਲ ਮਿਸ਼ੇਲ (11)