ਆਸਟ੍ਰੇਲੀਆ ਅੰਦਰ ਤਿੰਨ ਦਿਨਾਂ ’ਚ ਬਦਲਣਗੇ ਤਿੰਨ ਪ੍ਰਧਾਨ ਮੰਤਰੀ (Australian Prime Minister), ਜਾਣੋ ਕੀ ਹੈ ਮਾਮਲਾ

ਮੈਲਬਰਨ: ਆਸਟਰੇਲੀਆ ’ਚ ਇਕ ਵਾਰੀ ਫਿਰ ਪ੍ਰਧਾਨ ਮੰਤਰੀਆਂ (Australian Prime Minister) ਦੇ ਬਦਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਜਦੋਂ ਦੇਸ਼ ਦੇ ਤਿੰਨ ਸੀਨੀਅਰ ਸਿਆਸੀ ਆਗੂ ਇੰਨੇ ਹੀ ਦਿਨਾਂ ’ਚ ਦੇਸ਼ ਦੇ ਸਰਬਉੱਚ ਅਹੁਦੇ ਨੂੰ ਸੰਭਾਲਣਗੇ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਬੁੱਧਵਾਰ ਨੂੰ ਸੈਨ ਫਰਾਂਸਿਸਕੋ ਵਿੱਚ ਇੱਕ ਉੱਚ-ਪੱਧਰੀ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (APEC) ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਣ ਦੇ ਨਾਲ, ਇਹ ਭੂਮਿਕਾ ਦੇਸ਼ ਦੇ ਦੂਜੇ ਸਭ ਤੋਂ ਸੀਨੀਅਰ ਆਗੂ ਨੂੰ ਸੌਂਪ ਦਿੱਤੀ ਗਈ। ਬੁੱਧਵਾਰ ਦੁਪਹਿਰ ਤੋਂ, ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨੇ ਚੋਟੀ ਦੇ ਅਹੁਦੇ ’ਤੇ ਕੰਮ ਕੀਤਾ, ਪਰ ਸ਼ੁੱਕਰਵਾਰ ਨੂੰ ਉਹ ਵੀ ਵਿਦੇਸ਼ ਚਲੇ ਗਏ।

ਮਾਰਲਸ ਆਪਣੇ ਇੰਡੋਨੇਸ਼ੀਆਈ ਹਮਰੁਤਬਾ ਪ੍ਰਬੋਵੋ ਸੁਬੀਆਂਤੋ ਨੂੰ ਮਿਲਣ ਲਈ ਯਾਤਰਾ ਕਰ ਰਹੇ ਹਨ ਅਤੇ 10ਵੀਂ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਜਕਾਰਤਾ ਵਿੱਚ ਹੋਰ ਖੇਤਰੀ ਰੱਖਿਆ ਮੰਤਰੀਆਂ ਨਾਲ ਵੀ ਮੁਲਾਕਾਤ ਕਰਨਗੇ।

ਮਾਰਲਸ ਦੇ ਵਿਦੇਸ਼ ਵਿੱਚ ਹੋਣ ਕਾਰਨ, ਵਿਦੇਸ਼ ਮੰਤਰੀ ਪੈਨੀ ਵੋਂਗ ਵਰਤਮਾਨ ਵਿੱਚ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ, ਜਦਕਿ ਅਲਬਾਨੀਜ਼ ਐਤਵਾਰ ਨੂੰ ਸੰਯੁਕਤ ਰਾਜ ਦੀ ਆਪਣੀ ਯਾਤਰਾ ਤੋਂ ਵਾਪਸ ਆਉਣ ’ਤੇ ਇਕ ਵਾਰ ਫਿਰ ਤੋਂ ਸੱਤਾ ਸੰਭਾਲਣਗੇ।

ਵੋਂਗ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਉਣ ਸਮੇਂ ਸੈਨੇਟ ’ਚ ਉਸ ਸਮੇਂ ਹਾਸਾ ਛਿੜ ਗਿਆ ਜਦੋਂ ਗੱਠਜੋੜ ਦੇ ਸੈਨੇਟਰਾਂ ਨੇ ਉਨ੍ਹਾਂ ਨਾਲ ਛੇੜਛਾੜ ਕਰਨ ਦੇ ਅੰਦਾਜ਼ ਸਵਾਲ ਪੁੱਛੇ। ਲਿਬਰਲ ਸੈਨੇਟਰ ਸਾਈਮਨ ਬਰਮਿੰਘਮ ਨੇ ਵੋਂਗ ਨੂੰ ਪੁੱਛਿਆ, ‘‘ਕੀ ਤੁਹਾਡੇ ਕੋਲ ਰਿਚਰਡ ਮਾਰਲਸ ਵਾਂਗ ਲੈਟਰਹੈੱਡ ਹੈ?’’ ਇਸ ’ਤੇ ਗੱਠਜੋੜ ਦੇ ਬੈਂਚਾਂ ’ਚ ਹਾਸਾ ਛਿੜ ਗਿਆ।

ਦਰਅਸਲ ਬੁੱਧਵਾਰ ਸ਼ਾਮ ਨੂੰ ਮਾਰਲੇਸ ਆਪਣੇ ਨਵੇਂ ਅਹੁਦੇ ਦਾ ਪ੍ਰਚਾਰ ਕਰਦੇ ਦਿਸੇ ਜਦੋਂ ਉਨ੍ਹਾਂ ਨੇ ਪ੍ਰੈਸ ਗੈਲਰੀ ਦੇ ਮੈਂਬਰਾਂ ਨੂੰ ਆਪਣੇ ਨਾਂ ਦੇ ਲੈਟਰਪੈਡ ’ਤੇ ਪ੍ਰਸਾਰਿਤ ਕੀਤੀ ਗਈ ਇੱਕ ਮੀਡੀਆ ਰੀਲੀਜ਼ ’ਤੇ ਖ਼ੁਦ ਨੂੰ ‘ਐਕਟਿੰਗ ਪ੍ਰਾਈਮ ਮਿਨਿਸਟਰ’ ਲਿਖ ਦਿਤਾ ਸੀ।