ਤਸਮਾਨੀਆ ’ਚ ਪੰਜਾਬੀ ਮੂਲ ਦਾ ਰੈਸਟੋਰੈਂਟ ਮਾਲਕ ਨਸਲੀ ਸੋਸ਼ਣ (Racist abuse) ਦਾ ਸ਼ਿਕਾਰ, ਪੁਲਿਸ ਦੀ ਜਾਂਚ ਸ਼ੁਰੂ

ਮੈਲਬਰਨ: ਆਸਟ੍ਰੇਲੀਆ ਦੇ ਗ੍ਰੇਟਰ ਹੋਬਾਰਟ ਵਿੱਚ ਇੱਕ ਪ੍ਰਸਿੱਧ ਭਾਰਤੀ ਰੈਸਟੋਰੈਂਟ ਦੇ ਮਾਲਕ ਜਰਨੈਲ ਸਿੰਘ ਨੂੰ ਨਸਲੀ ਸ਼ੋਸ਼ਣ (Racist abuse) ਦਾ ਸ਼ਿਕਾਰ ਬਣਾਇਆ ਗਿਆ ਹੈ। ਸਥਾਨਕ ਭਾਰਤੀ ਭਾਈਚਾਰੇ ਨੇ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ ਅਤੇ ਤਸਮਾਨੀਆ ਦੇ ਲੋਕਾਂ ਨੂੰ ਨਸਲਵਾਦੀ ਵਤੀਰੇ ਵਿਰੁਧ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ।

ਪੰਜਾਬੀ ਮੂਲ ਦਾ ਜਰਨੈਲ ਸਿੰਘ ਆਸਟ੍ਰੇਲੀਆ ’ਚ ਲਗਭਗ 15 ਸਾਲਾਂ ਤੋਂ ਰਹਿ ਰਿਹਾ ਹੈ ਅਤੇ ਪਿਛਲੇ 10 ਸਾਲਾਂ ਤੋਂ ਉਹ ਤਸਮਾਨੀਆ ’ਚ ਹੈ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਉਸ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾਵਾਂ ਉਸ ਦੀ ਕਾਰ ਦੇ ਦਰਵਾਜ਼ੇ ਦੇ ਹੈਂਡਲਾਂ ’ਤੇ ਲਗਾਤਾਰ ਤਿੰਨ-ਚਾਰ ਦਿਨਾਂ ਤਕ ਕੁੱਤੇ ਦੇ ਮਲ-ਮੂਤਰ ਨੂੰ ਲਗਾਉਣ ਨਾਲ ਸ਼ੁਰੂ ਹੋਈਆਂ ਅਤੇ ਉਸ ਦੇ ਡਰਾਈਵਵੇਅ ਵਿਚ ਨਸਲੀ ਸੰਦੇਸ਼ ਲਿਖਣ ਤਕ ਵਧੀਆਂ ਜਿਸ ’ਚ ਉਸ ਨੂੰ ‘ਵਾਪਸ ਚਲੇ ਜਾ ਭਾਰਤੀ’ ਕਿਹਾ ਗਿਆ।

ਪੁਲਿਸ ਨੂੰ ਇਨ੍ਹਾਂ ਘਟਨਾਵਾਂ ਦੀ ਸੂਚਨਾ ਦੇਣ ਦੇ ਬਾਵਜੂਦ ਵੀਡੀਓ ਸਬੂਤਾਂ ਦੀ ਘਾਟ ਕਾਰਨ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ। ਵੀਡੀਓ ਕੈਮਰੇ ਲਗਾਉਣ ਤੋਂ ਬਾਅਦ ਸਥਿਤੀ ਵਿਚ ਸੁਧਾਰ ਹੋਇਆ ਜਾਪਦਾ ਸੀ, ਪਰ ਫਿਰ ਉਸ ਨੂੰ ਨਸਲੀ ਟਿੱਪਣੀਆਂ ਅਤੇ ਧਮਕੀਆਂ ਨਾਲ ਭਰੀਆਂ ਚਿੱਠੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਜਰਨੈਲ ਸਿੰਘ ਨੂੰ ਉਮੀਦ ਹੈ ਕਿ ਆਪਣੇ ਤਜ਼ਰਬਿਆਂ ਬਾਰੇ ਗੱਲ ਕਰਨ ਨਾਲ ਦੂਜਿਆਂ ਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਤੋਂ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਉਸ ਨੇ ਕਿਹਾ, ‘‘ਇਸ ਤਰ੍ਹਾਂ ਦੀ ਚੀਜ਼ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਜਦੋਂ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਮਾਨਸਿਕ ਤੌਰ ’ਤੇ ਇਹ ਬਹੁਤ ਦਬਾਅ ਪਾਉਣ ਵਾਲਾ ਹੁੰਦਾ ਹੈ। ਇਸ ਨੂੰ ਰੋਕਣ ਲਈ ਕੁਝ ਤਾਂ ਹੋਣਾ ਚਾਹੀਦਾ ਹੈ।’’

ਪੁਲਿਸ ਘਟਨਾਵਾਂ ਦੀ ਜਾਂਚ ਕਰ ਰਹੀ ਹੈ, ਅਤੇ ਤਸਮਾਨੀਆ ਦੇ ਪੁਲਿਸ ਕਮਾਂਡਰ ਜੇਸਨ ਐਲਮਰ ਨੇ ਕਿਹਾ ਕਿ ਨਸਲੀ ਨਫ਼ਰਤ ਜਾਂ ਪੱਖਪਾਤ ਨੂੰ ਸਜ਼ਾ ਸੁਣਾਉਣ ਦੌਰਾਨ ਇੱਕ ਵੱਡਾ ਕਾਰਕ ਮੰਨਿਆ ਜਾ ਸਕਦਾ ਹੈ। ਤਸਮਾਨੀਆ ਦੀ ਬਹੁ-ਸੱਭਿਆਚਾਰਕ ਪਰਿਸ਼ਦ ਦੀ ਚੇਅਰ ਆਈਮਨ ਜਾਫਰੀ ਨੇ ਨੋਟ ਕੀਤਾ ਕਿ ਅਜਿਹੀਆਂ ਘਟਨਾਵਾਂ ਬਦਕਿਸਮਤੀ ਨਾਲ ਆਮ ਹਨ ਅਤੇ ਵਧਦੀਆਂ ਜਾ ਰਹੀਆਂ ਹਨ। ਉਹ ਇਸ ਦਾ ਕਾਰਨ ਸਿੱਖਿਆ ਅਤੇ ਜਾਗਰੂਕਤਾ ਦੀ ਘਾਟ, ਅਤੇ ਨਾਲ ਹੀ ਜੀਵਨ ਦੀਆਂ ਲਾਗਤਾਂ ਦੇ ਦਬਾਅ ਕਾਰਨ ਗ਼ਲਤ ਥਾਂ ’ਤੇ ਪ੍ਰਗਟ ਪ੍ਰਤੀਕਿਰਿਆਵਾਂ ਨੂੰ ਮੰਨਦੇ ਹਨ।

‘Racist abuse ਨੂੰ ਰੋਕਣ ਲਈ ਆਵਾਜ਼ ਚੁੱਕਣ ਦੀ ਜ਼ਰੂਰਤ’

ਤਸਮਾਨੀਆ ਦੇ ਪ੍ਰਵਾਸੀ ਸਰੋਤ ਕੇਂਦਰ ਦੇ ਮੁਖੀ ਗਿਲਿਅਨ ਲੌਂਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸਲਵਾਦ ਵਿਰੁਧ ਆਵਾਜ਼ ਚੁੱਕਣ ਅਤੇ ਉਨ੍ਹਾਂ ਲੋਕਾਂ ਦਾ ਸਮਰਥਨ ਕਰਨ ਜੋ ਕਿਸੇ ਘਟਨਾ ਦੀ ਰਿਪੋਰਟ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਘਟਨਾਵਾਂ ਦਾ ਦਸਤਾਵੇਜ਼ ਬਣਾਉਣ ਜਾਂ ਰਿਕਾਰਡ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਇਹ ਯਕੀਨੀ ਕਰਨ ਲਈ ਕਿਹਾ ਕਿ ਜੇ ਭਾਸ਼ਾ ਇੱਕ ਰੁਕਾਵਟ ਹੈ ਤਾਂ ਪੁਲਿਸ ਨੂੰ ਘਟਨਾ ਦੀ ਰਿਪੋਰਟ ਕਰਨ ਵੇਲੇ ਅਨੁਵਾਦਕ ਉਪਲਬਧ ਹੋਣ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੋਸ਼ਣ ਦਾ ਸ਼ਿਕਾਰ ਲੋਕਾਂ ਦੇ ਹੱਕ ’ਚ ਪ੍ਰਦਰਸ਼ਨ ਕਰਨ ਅਤੇ ਆਵਜ਼ ਚੁੱਕਣ ਦੀ ਜ਼ਰੂਰਤ ਹੈ।

Leave a Comment