ਮੈਲਬਰਨ: ਆਸਟ੍ਰੇਲੀਆਈ ਉਜਰਤਾਂ (Wages) ਨੇ ਵੇਜ ਪ੍ਰਾਈਸ ਇੰਡੈਕਸ ਦੇ 26 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਡਾ ਤਿਮਾਹੀ ਵਾਧਾ ਦਰਜ ਕੀਤਾ ਹੈ, ਪਰ ਫਿਰ ਵੀ ਇਹ ਮਹਿੰਗਾਈ ਦੇ ਪੱਧਰ ਤੋਂ ਹੇਠਾਂ ਬਣਿਆ ਹੋਇਆ ਹੈ।
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ਏ.ਬੀ.ਐਸ.) ਦੇ ਨਵੇਂ ਅੰਕੜਿਆਂ ਨੇ ਵਿਖਾਇਆ ਹੈ ਕਿ ਸਤੰਬਰ ਤਿਮਾਹੀ ’ਚ ਵੇਜ ਪ੍ਰਾਈਸ ਇੰਡੈਕਸ (ਡਬਲਯੂ.ਪੀ.ਆਈ.) 1.3 ਫ਼ੀ ਸਦੀ ਵਧਿਆ ਹੈ, ਜੋ ਕਿ WPI ਸ਼ੁਰੂ ਹੋਣ ਤੋਂ ਬਾਅਦ ਤਿੰਨ ਮਹੀਨਿਆਂ ਦਾ ਸਭ ਤੋਂ ਵੱਡਾ ਉਛਾਲ ਹੈ।
ਸਾਲਾਨਾ ਆਧਾਰ ’ਤੇ, ਮਜ਼ਦੂਰੀ 4 ਫੀਸਦੀ ਵਾਧੇ ’ਤੇ ਰਹੀ ਹੈ, ਜੋ ਮਾਰਚ 2009 ਤੋਂ ਬਾਅਦ ਸਭ ਤੋਂ ਵੱਧ ਰਿਕਾਰਡ ਕੀਤੀ ਗਈ ਹੈ। ਕੀਮਤਾਂ ਦੇ ਅੰਕੜਿਆਂ ਬਾਰੇ ABS ਮੁਖੀ ਮਿਸ਼ੇਲ ਮਾਰਕੁਆਰਡਟ ਨੇ ਕਿਹਾ ਕਿ ਬਜ਼ੁਰਗ ਦੇਖਭਾਲ ਕਰਮਚਾਰੀਆਂ ਦੇ ਤਨਖਾਹ ਪੈਕੇਟਾਂ ’ਤੇ ਫੇਅਰ ਵਰਕ ਕਮਿਸ਼ਨ ਦੇ ਫੈਸਲੇ ਨੇ ਡੇਟਾ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
ਮਾਰਕੁਆਰਡਟ ਨੇ ਕਿਹਾ, ‘‘ਕਈ ਕਾਰਕਾਂ ਦੇ ਸੁਮੇਲ ਕਾਰਨ ਇਸ ਤਿਮਾਹੀ ਦੌਰਾਨ ਔਸਤ ਘੰਟਾਵਾਰ ਤਨਖਾਹ ’ਚ ਵਿਆਪਕ ਵਾਧਾ ਹੋਇਆ।’’ ਉਨ੍ਹਾਂ ਅੱਗੇ ਕਿਹਾ, ‘‘ਨਿੱਜੀ ਖੇਤਰ ’ਚ, ਉੱਚ ਵਿਕਾਸ ਮੁੱਖ ਤੌਰ ’ਤੇ ਫੇਅਰ ਵਰਕ ਕਮਿਸ਼ਨ ਦੇ ਸਾਲਾਨਾ ਉਜਰਤ ਸਮੀਖਿਆ ਦੇ ਫੈਸਲੇ, ਏਜਡ ਕੇਅਰ ਵਰਕ ਵੈਲਯੂ ਕੇਸ ਦੀ ਅਰਜ਼ੀ, ਲੇਬਰ ਮਾਰਕੀਟ ਦਬਾਅ, ਅਤੇ ਸੀ.ਪੀ.ਆਈ. ਦੇ ਵਾਧੇ ਕਾਰਨ ਉਜਰਤਾਂ ਅਤੇ ਤਨਖਾਹ ਬਾਰੇ ਫੈਸਲਿਆਂ ਦੀ ਸਮੀਖਿਆ ਕੀਤੀ ਗਈ।’’ ਹਾਲਾਂਕਿ ਤਨਖ਼ਾਹਾਂ ਦਾ ਸਾਲਾਨਾ ਵਾਧਾ ਅਜੇ ਵੀ ਮਹਿੰਗਾਈ ਦਰ ਤੋਂ ਹੇਠਾਂ ਹੈ, ਜੋ ਵਰਤਮਾਨ ਵਿੱਚ 5.4 ਪ੍ਰਤੀਸ਼ਤ ਦੀ ਸਾਲਾਨਾ ਦਰ ‘ਤੇ ਹੈ।