ਮੈਲਬਰਨ: ਇੱਕ ਵੱਡੇ ਸਾਈਬਰ ਹਮਲੇ (Cyber Attack) ਨੇ ਆਸਟ੍ਰੇਲੀਆ ਭਰ ਦੀਆਂ ਕਈ ਵੱਡੀਆਂ ਬੰਦਰਗਾਹਾਂ (Ports) ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਬੰਦਰਗਾਹਾਂ ਰਾਹੀਂ ਹੁੰਦੇ ਵਪਾਰ ’ਚ ਵੱਡੀ ਰੁਕਾਵਟ ਅਤੇ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ। ਹਮਲੇ ਦਾ ਪਤਾ ਪੋਰਟ ਓਪਰੇਟਰ ਡੀ.ਪੀ. ਵਰਲਡ ਵੱਲੋਂ ਲਗਾਇਆ ਗਿਆ ਸੀ, ਜੋ ਕਿ ਆਸਟ੍ਰੇਲੀਆ ਦੇ ਕੰਟੇਨਰ ਵਪਾਰ ਦਾ ਲਗਭਗ 40% ਸੰਭਾਲਦਾ ਹੈ। ਸਾਇਬਰ ਹਮਲੇ ਨੇ ਸ਼ਿਪਿੰਗ ਗਤੀਵਿਧੀ ਦੇ ਤਾਲਮੇਲ ਲਈ ਵਰਤੀਆਂ ਜਾਣ ਵਾਲੀਆਂ ਨਾਜ਼ੁਕ ਪ੍ਰਣਾਲੀਆਂ ਨੂੰ ਪ੍ਰਭਾਵਤ ਕੀਤਾ, ਜਿਸ ਨਾਲ ਡੀ.ਪੀ. ਵਰਲਡ ਨੇ ਹੋਰ ਨੁਕਸਾਨ ਨੂੰ ਰੋਕਣ ਲਈ ਆਪਣੇ ਪੋਰਟ ਨੈਟਵਰਕਾਂ ਤੱਕ ਪਹੁੰਚ ਬੰਦ ਕਰ ਦਿੱਤੀ।
ਇਹ ਹਮਲਾ ਸ਼ੁੱਕਰਵਾਰ ਰਾਤ ਨੂੰ ਹੋਇਆ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਇੱਕ ਮਿੱਥ ਕੇ ਕੀਤਾ ਹਮਲਾ ਸੀ। ਇਹ ਅਜਿਹੇ ਸਮੇਂ ਕੀਤਾ ਗਿਆ ਜਦੋਂ ਬਹੁਤ ਘੱਟ ਸਟਾਫ਼ ਡਿਊਟੀ ’ਤੇ ਸੀ ਅਤੇ ਘਟਨਾ ਦਾ ਪਤਾ ਲਗਾਉਣ ਜਾਂ ਜਵਾਬੀ ਕਾਰਵਾਈ ਕਰਨ ਦੀ ਘੱਟ ਸੰਭਾਵਨਾ ਸੀ। ਰੁਕਾਵਟ ਦੇ ਪੈਮਾਨੇ ਅਤੇ ਅਸਰ ਨੂੰ ਦੇਖਦੇ ਹੋਏ, ਇਹ ਮੰਨਿਆ ਜਾਂਦਾ ਹੈ ਕਿ ਇਸ ਸਾਇਬਰ ਹਮਲੇ ’ਚ ਕਿਸੇ ਵਿਦੇਸ਼ੀ ਤਾਕਤ ਦਾ ਹੱਥ ਹੋ ਸਕਦਾ ਹੈ, ਜਿਸ ਦਾ ਉਦੇਸ਼ ਆਸਟਰੇਲੀਆ ਦੀ ਰਾਸ਼ਟਰੀ ਸੁਰੱਖਿਆ ਜਾਂ ਆਰਥਕ ਹਿੱਤਾਂ ਨੂੰ ਕਮਜ਼ੋਰ ਕਰਨਾ ਹੈ।
ਹਮਲਾ DP ਵਰਲਡ ਦੇ ਸਿਸਟਮ ਵਿੱਚ ਕਮਜ਼ੋਰੀਆਂ ਜਾਂ ਕਿਸੇ ਵਾਇਰਸ ਵਾਲੀ ਈ-ਮੇਲ ਕਾਰਨ ਵਾਪਰਿਆ ਹੋ ਸਕਦਾ ਹੈ। DP ਵਰਲਡ ਪ੍ਰਭਾਵਿਤ ਕੰਪਿਊਟਰਾਂ ਨੂੰ ਬੈਕਅੱਪ ਤੋਂ ਮੁੜ ਚਾਲੂ ਕਰਨ ਲਈ ਤੁਰੰਤ ਕੰਮ ਕਰ ਰਿਹਾ ਹੈ, ਪਰ ਪੋਰਟ ਪ੍ਰਬੰਧਨ ਨੈੱਟਵਰਕਾਂ ਦੇ ਗੁੰਝਲਦਾਰ ਹੋਣ ਕਾਰਨ ਇਸ ਵਿੱਚ ਕਈ ਦਿਨ ਜਾਂ ਹਫ਼ਤੇ ਲੱਗ ਸਕਦੇ ਹਨ।
ਭਾਰਤ ’ਤੇ ਵੀ ਪੈ ਸਕਦਾ ਹੈ Cyber Attack ਦਾ ਅਸਰ
ਆਸਟ੍ਰੇਲੀਆ ਤੋਂ ਭਾਰਤ ਦੀ ਸਾਲਾਨਾ ਦਰਾਮਦ (Import) ਲਗਭਗ 17 ਬਿਲੀਅਨ ਡਾਲਰ ਹੈ, ਜਿਸ ਵਿਚੋਂ 96% ਤੋਂ ਵੱਧ ਕੋਲਾ ਹੈ। ਇਸ ਹਮਲੇ ਨਾਲ ਭਾਰਤ ਨੂੰ ਕੋਲੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿੱਥੇ ਇਹ ਕੋਲਾ ਸਟੀਲ ਦੇ ਉਤਪਾਦਨ ਅਤੇ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।