ਮੈਲਬਰਨ: ਇਮੀਗ੍ਰੇਸ਼ਨ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਹਾਈ ਕੋਰਟ ਵੱਲੋਂ ਦੇਸ਼ ਨਿਕਾਲੇ ਦੀ ਕੋਈ ਅਸਲ ਸੰਭਾਵਨਾ ਨਾ ਹੋਣ ਵਾਲੇ ਕੈਦੀਆਂ ਨੂੰ ਜੇਲ ’ਚ ਰੱਖਣਾ ਗੈਰ-ਕਾਨੂੰਨੀ ਕਰਾਰ ਦੇਣ ਦੇ ਫੈਸਲੇ ਤੋਂ ਬਾਅਦ ਹੁਣ ਤੱਕ 80 ਲੋਕਾਂ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ (Immigration Detention) ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਕੀਤੇ ਲੋਕਾਂ ’ਚ ਮਲੇਸ਼ੀਆ ਦਾ ਹਿੱਟਮੈਨ ਸਿਰੁਲ ਅਜ਼ਹਰ ਉਮਰ ਵੀ ਸ਼ਾਮਲ ਹੈ, ਜਿਸ ’ਤੇ ਮੰਗੋਲੀਆ ਦੀ ਇੱਕ ਗਰਭਵਤੀ ਔਰਤ ਦੇ ਕਤਲ ਦਾ ਦੋਸ਼ ਹੈ ਅਤੇ ਉਸ ਨੂੰ ਮਿਲੇਸ਼ੀਆ ’ਚ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ।
ਸੋਮਵਾਰ ਨੂੰ ਐਂਡਰਿਊ ਗਾਈਲਸ ਨੇ ਜੇਲ ਤੋਂ ਬਾਹਰ ਆਏ ਵਿਅਕਤੀਆਂ ਬਾਰੇ ਆਮ ਲੋਕਾਂ ਦੀ ਦੀ ਚਿੰਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ, ‘‘ਸਾਰੇ ਉਚਿਤ ਵੀਜ਼ਾ ਸ਼ਰਤਾਂ ’ਤੇ ਹਨ’’ ਜਿਸ ਵਿੱਚ ਨਿਯਮਤ ਰਿਪੋਰਟਿੰਗ ਵੀ ਸ਼ਾਮਲ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ, ਕਲੇਰ ਓ’ਨੀਲ, ਅਤੇ ਗਾਈਲਸ ਨੇ ਕਿਹਾ ਹੈ ਕਿ ਸਰਕਾਰ ‘ਹੋਰ ਉਪਾਵਾਂ ’ਤੇ ਵਿਚਾਰ ਕਰ ਰਹੀ ਹੈ ਜੋ ਕਮਿਊਨਿਟੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਹੋ ਸਕਦੇ ਹਨ’, ਪਰ ਇਹ ਨਹੀਂ ਦੱਸਿਆ ਕਿ ਕਾਨੂੰਨ ’ਚ ਕਿਹੜੀਆਂ ਤਬਦੀਲੀਆਂ ਹੋ ਸਕਦੀਆਂ ਹਨ।
ਦੂਜੇ ਪਾਸੇ ਵਿਰੋਧੀ ਧਿਰ ਨੇ ਅਲਬਾਨੀਜ਼ ਸਰਕਾਰ ਵੱਲੋਂ ਪਾਰਦਰਸ਼ਤਾ ਦੀ ਘਾਟ ਦੀ ਨਿੰਦਾ ਕੀਤੀ ਹੈ। ਡੈਨ ਟੇਹਾਨ ਨੇ ਕਿਹਾ ਕਿ ਸਰਕਾਰ ਇਸ ਗੱਲ ’ਤੇ ਪਾਰਦਰਸ਼ੀ ਹੋਣ ਵਿਚ ਅਸਫਲ ਰਹੀ ਹੈ ਕਿ ਇਹ ਆਮ ਲੋਕਾਂ ਨੂੰ ਕਿਵੇਂ ਸੁਰੱਖਿਅਤ ਰੱਖੇਗੀ। ਸ਼ੈਡੋ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ, ‘‘ਕਮਿਊਨਿਟੀ ਵਿੱਚ ਜਿਨ੍ਹਾਂ ਲੋਕਾਂ ਨੂੰ ਛੱਡਿਆ ਜਾ ਰਿਹਾ ਹੈ, ਉਹ ਬਾਲ ਜਿਨਸੀ ਸ਼ੋਸ਼ਣ ਕਰਨ ਵਾਲੇ, ਕਾਤਲ, ਹਿੱਟ-ਮੈਨ ਵਰਗੇ ਲੋਕ ਹਨ ਜਿਨ੍ਹਾਂ ਨੇ ਹੋਰ ਲੋਕਾਂ ਵਿਰੁੱਧ ਹਿੰਸਾ ਨੂੰ ਵਧਾਇਆ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਉਹ ਕਿਹੜੇ ਵੀਜ਼ੇ ’ਤੇ ਹਨ, ਸਾਨੂੰ ਨਹੀਂ ਪਤਾ ਕਿ ਸਥਾਨਕ, ਸਟੇਟ ਪੁਲਿਸ ਵੱਲੋਂ ਕੀ ਗੱਲਬਾਤ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪੱਛਮੀ ਆਸਟ੍ਰੇਲੀਆ ਵਿੱਚ 30 ਵਿਅਕਤੀਆਂ ਨੂੰ ਇੱਕ ਮੋਟਲ ਵਿੱਚ ਰਖਿਆ ਗਿਆ ਹੈ। ਐਂਡਰਿਊ ਗਾਈਲਸ ਨੂੰ ਅੱਜ ਇੱਕ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਹੈ… ਸਰਕਾਰ ਤੋਂ ਇਸ ਬਾਰੇ ਕੋਈ ਬਿਆਨ ਨਹੀਂ ਆਇਆ। ਸਾਨੂੰ ਬਹੁਤ, ਬਹੁਤ ਚਿੰਤਤ ਹੋਣਾ ਚਾਹੀਦਾ ਹੈ।’’