ਮੈਲਬਰਨ: ਵਿਕਟੋਰੀਅਨ ਪੱਬ ਹਾਦਸੇ (Daylesford pub crash) ਦੇ ਬਚੇ ਹੋਏ ਪੀੜਤਾਂ ਵਿੱਚੋਂ ਇੱਕ ਰੁਚੀ ਭਾਟੀਆ ਦੀ ਨਜ਼ਦੀਕੀ ਸਹੇਲੀ ਨੇ ਕਿਹਾ ਹੈ ਕਿ ਸੋਗ ’ਚ ਡੁੱਬੀ ਮਾਂ ਨੂੰ ਉਨ੍ਹਾਂ ਸਵਾਲ ਦੇ ਜਵਾਬ ਨਹੀਂ ਮਿਲ ਰਹੇ ਹਨ ਜੋ ਇਸ ਅਚਾਨਕ ਵਾਪਰੇ ਤੋਂ ਪੈਦਾ ਹੋਏ ਸਨ। ਉਸ ਦੀ ਸਹੇਲੀ ਰੂਬੀ ਕੌਰ ਨੇ ਕਿਹਾ ਕਿ ਰੁਚੀ ਭਾਟੀਆ ਨੇ ਆਪਣੇ ਪਰਿਵਾਰ ਨੂੰ ਟੱਕਰ ਮਾਰਨ ਵਾਲੀ ਕਾਰ ਨੂੰ ਆਉਂਦਿਆਂ ਵੀ ਨਹੀਂ ਦੇਖਿਆ। ਹਾਦਸੇ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਹੀ ਹੋਸ਼ ਆਈ ਹੈ। ਉਦੋਂ ਤੋਂ ਹੀ ਉਹ ਪੁੱਛ ਰਹੀ ਹੈ ਉਸ ਦੇ ਪਤੀ ਅਤੇ ਪੁੱਤਰ ਨੂੰ ਉਸ ਤੋਂ ਵੱਖ ਕਰਨ ਵਾਲਾ ਡਰਾਈਵਰ ਕੌਣ ਹੈ ਅਤੇ ਉਸ ਨੇ ਇਹ ਕਿਉਂ ਕੀਤਾ?
ਐਤਵਾਰ ਨੂੰ ਇੱਕ BMW ਡੇਲੇਸਫੋਰਡ ਦੇ ਰਾਇਲ ਹੋਟਲ ਬੀਅਰ ਗਾਰਡਨ ਵਿੱਚ ਬੈਠੇ ਲੋਕਾਂ ’ਤੇ ਚੜ੍ਹ ਗਈ ਸੀ ਜਿਸ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਪੰਜ ਜ਼ਖਮੀ ਹੋ ਗਏ। ਪੀੜਤ ਆਪਣੇ ਖਾਣੇ ਦਾ ਆਨੰਦ ਲੈ ਰਹੇ ਸਨ ਜਦੋਂ BMW ਉਨ੍ਹਾਂ ਨਾਲ ਟਕਰਾ ਗਈ। ਮਰਨ ਵਾਲਿਆਂ ’ਚ ਵਿਵੇਕ ਭਾਟੀਆ ਅਤੇ ਉਸ ਦਾ 11 ਸਾਲਾਂ ਪੁੱਤਰ ਵਿਹਾਨ ਸ਼ਾਮਲ ਹਨ, ਜਦਕਿ ਉਸ ਦੀ 36 ਸਾਲਾਂ ਦੀ ਪਤਨੀ ਰੁਚੀ ਅਤੇ 6 ਵਰ੍ਹਿਆਂ ਦਾ ਛੋਟਾ ਪੁੱਤਰ ਜ਼ਖਮੀ ਹੋ ਗਏ। ਦੋਵੇਂ ਹਸਪਤਾਲ ਵਿੱਚ ਗੰਭੀਰ ਪਰ ਸਥਿਰ ਹਾਲਤ ਵਿੱਚ ਹਨ। ਰੁਚੀ ਦੀ ਪੰਜ ਘੰਟੇ ਦੀ ਸਰਜਰੀ ਹੋਈ, ਅਤੇ ਉਸ ਦਾ ਬੇਟਾ ਦਿਮਾਗ ਦੇ ਸਕੈਨ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ। ਇੱਕ GoFundMe ਮੁਹਿੰਮ ਨੇ ਭਾਟੀਆ ਪਰਿਵਾਰ ਲਈ 96,000 ਡਾਲਰ ਤੋਂ ਵੱਧ ਇਕੱਠੇ ਕੀਤੇ ਹਨ।
ਹਾਦਸੇ ਦਾ ਸ਼ਿਕਾਰ ਹੋਏ ਹੋਰ ਲੋਕ ਮੈਲਬੌਰਨ ਦੀ ਵਕੀਲ ਪ੍ਰਤਿਭਾ ਸ਼ਰਮਾ, ਉਨ੍ਹਾਂ ਦੇ ਸਾਥੀ ਜਤਿਨ ਚੁੱਘ ਅਤੇ ਸ਼ਰਮਾ ਦੀ ਨੌਂ ਸਾਲ ਦੀ ਬੇਟੀ ਅਨਵੀ ਵੀ ਸ਼ਾਮਲ ਸਨ ਜੋ ਹਾਦਸੇ ਤੋਂ ਕੁਝ ਸਕਿੰਟ ਪਹਿਲਾਂ ਹੀ ਭਾਟੀਆ ਪਰਿਵਾਰ ਨਾਲ ਰਾਤ ਦੇ ਖਾਣੇ ਲਈ ਬੈਠੇ ਸਨ।
Daylesford pub crash ਲਈ ਜ਼ਿੰਮੇਵਾਰ ਡਰਾਈਵਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ
ਡਰਾਈਵਰ, ਮਾਊਂਟ ਮੈਸੇਡਨ ਦਾ ਇੱਕ 66 ਸਾਲਾਂ ਦਾ ਵਿਅਕਤੀ ਹੈ, ਜਿਸ ਦੀ ਪੁਲਿਸ ਵੱਲੋਂ ਪੁੱਛ-ਪੜਤਾਲ ਚਲ ਰਹੀ ਹੈ ਪਰ ਅਜੇ ਤੱਕ ਉਸ ’ਤੇ ਕੋਈ ਦੋਸ਼ ਨਹੀਂ ਲਾਏ ਗਏ ਹਨ। ਉਸ ਦੇ ਵਕੀਲ ਨੇ ਦੱਸਿਆ ਕਿ ਡਰਾਈਵਰ ਇਨਸੁਲਿਨ ’ਤੇ ਨਿਰਭਰ ਸ਼ੂਗਰ ਦਾ ਮਰੀਜ਼ ਹੈ ਜਿਸ ਨੂੰ ਮੌਕੇ ’ਤੇ ਤੁਰੰਤ ਇਲਾਜ ਦੀ ਲੋੜ ਸੀ ਅਤੇ ਉਹ ਇਸ ਘਟਨਾ ਤੋਂ ਬਹੁਤ ਦੁਖੀ ਹੈ।
ਜ਼ਖ਼ਮੀਆਂ ’ਚ ਇੱਕ 43 ਸਾਲਾ ਕੀਨੇਟਨ ਔਰਤ ਅਤੇ ਇੱਕ 38 ਸਾਲਾ ਕਾਕਾਟੂ ਆਦਮੀ ਅਤੇ ਇੱਕ 11 ਮਹੀਨੇ ਦਾ ਲੜਕਾ ਵੀ ਸ਼ਾਮਲ ਹੈ, ਜਿਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ। ਪੁਲਿਸ ਕਿਸੇ ਵੀ ਵਿਅਕਤੀ ਨੂੰ ਅਪੀਲ ਕਰ ਰਹੀ ਹੈ ਕਿ ਜਿਸ ਨੇ ਇਸ ਹਾਦਸੇ ਨੂੰ ਦੇਖਿਆ ਹੈ ਜਾਂ ਕੋਈ ਜਾਣਕਾਰੀ ਹੈ, ਉਹ ਅੱਗੇ ਆਉਣ।