ਮੈਲਬਰਨ: ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਸਰਕਾਰ ਨੇ 2 ਮਿਲੀਅਨ ਡਾਲਰ ਦੀ ਉਸ ਸਕੀਮ ਨੂੰ ਬੰਦ ਕਰ ਦਿੱਤਾ ਹੈ ਜੋ ਵੋਟਰਾਂ ਦੇ ‘ਰਾਜ਼ੀ’ ਹੋਣ ਬਾਰੇ ਸਰਵੇਖਣ ਕਰਦੀ ਸੀ। ਇਸ ਸਰਵੇ ’ਚ ਪੁੱਛਿਆ ਜਾ ਰਿਹਾ ਸੀ ਕਿ ਕੀ ਪ੍ਰਵਾਸੀ (Immigrants) ਆਸਟ੍ਰੇਲੀਆ ਦੇ ਲੋਕਾਂ ਦੀਆਂ ਨੌਕਰੀਆਂ ਖੋਹ ਰਹੇ ਹਨ ਅਤੇ ਭੀੜ-ਭੜੱਕੇ ’ਤੇ ਇਨ੍ਹਾਂ ਦੇ ਅਸਰ ਬਾਰੇ ਸਵਾਲ ਵੀ ਸ਼ਾਮਲ ਸਨ।
ਕਈ ਵਿਭਾਗਾਂ ਲਈ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਕਰਵਾਇਆ ਗਿਆ ਇਹ ਸਰਵੇਖਣ 2018 ਤੋਂ 2023 ਦੇ ਸ਼ੁਰੂ ਤੱਕ ਚੱਲਿਆ।
ਸਰਵੇਖਣਾਂ ਨੂੰ ‘ਵਿਸ਼ੇਸ਼ ਵਿਸ਼ਾ’ ਸਮੇਤ ਤਿੰਨ ਹਿੱਸਿਆਂ ’ਚ ਵੰਡਿਆ ਗਿਆ ਸੀ, ਜਿਸ ਵਿੱਚ ‘ਥੋੜ੍ਹੇ ਜਿਹੇ ਪ੍ਰਸ਼ਨ ਸ਼ਾਮਲ ਸਨ ਜਿੱਥੇ ਅਸੀਂ ਵਧੇਰੇ ਡੂੰਘਾਈ ਵਿੱਚ ਦਿਲਚਸਪੀ ਵਾਲੇ ਵਿਸ਼ਿਆਂ ਦੀ ਖੋਜ ਕਰਦੇ ਹਾਂ।’ ਇਹ ਹਿੱਸਾ ਸਰਵੇਖਣ ਦੇ ਹਰੇਕ ਦੁਹਰਾਅ ਨਾਲ ਬਦਲਿਆ ਗਿਆ। ਕਈ ਮੌਕਿਆਂ ’ਤੇ ਇਸ ਵਿੱਚ ਪ੍ਰਵਾਸੀਆਂ ਅਤੇ ਬਹੁ-ਸੱਭਿਆਚਾਰਵਾਦ ਬਾਰੇ ਸਵਾਲ ਸ਼ਾਮਲ ਸਨ। ਸਰਵੇਖਣ ਵਿੱਚ ਉੱਤਰਦਾਤਾਵਾਂ ਨੂੰ ਇਮੀਗ੍ਰੇਸ਼ਨ, ਬਹੁ-ਸੱਭਿਆਚਾਰਵਾਦ ਅਤੇ ਦੇਸ਼ ਵਿੱਚ ਪ੍ਰਵਾਨ ਕੀਤੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਬਾਰੇ ਉਨ੍ਹਾਂ ਦੇ ਵਿਚਾਰਾਂ ਬਾਰੇ ਪੁੱਛਿਆ ਗਿਆ। ਕੁਝ ਨਕਾਰਾਤਮਕ ਧਾਰਨਾਵਾਂ ਦੇ ਬਾਵਜੂਦ, ਲਗਭਗ 70% ਲੋਕਾਂ ਨੇ ਕਿਹਾ ਕਿ ਬਹੁ-ਸੱਭਿਆਚਾਰਵਾਦ ਆਸਟ੍ਰੇਲੀਆ ਲਈ ਚੰਗਾ ਰਿਹਾ ਹੈ ਅਤੇ 60% ਨੇ ਕਿਹਾ ਕਿ ਇਮੀਗ੍ਰੇਸ਼ਨ ਨੇ ਆਸਟ੍ਰੇਲੀਆ ਨੂੰ ਰਹਿਣ ਲਈ ਇੱਕ ਬਿਹਤਰ ਸਥਾਨ ਬਣਾਇਆ ਹੈ।
ਲੇਬਰ ਸਰਕਾਰ ਨੇ ਮਾਰਚ ਦੌਰਾਨ ਸੱਤਾ ’ਚ ਆਉਣ ਮਗਰੋਂ ਮੌਜੂਦਾ ਖੇਤਰੀ NSW ਮੰਤਰੀ ਤਾਰਾ ਮੋਰੀਆਰਟੀ ਨੇ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਅਤੇ ਗੱਠਜੋੜ ਤੋਂ ਸਵਾਲ ਪੁਛਿਆ, ‘‘ਇਹ ਦਸਿਆ ਜਾਵੇ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਵਿਭਾਗਾਂ ਨੇ ਇਨ੍ਹਾਂ ਸਰਵੇਖਣਾਂ ’ਤੇ ਇੰਨਾ ਪੈਸਾ ਕਿਉਂ ਖਰਚਿਆ?’’ ਜ਼ਿਆਦਾਤਰ ਸਰਵੇਖਣ ਸਿਹਤ ਸੰਭਾਲ, ਪੁਲਿਸ, ਘਰੇਲੂ ਹਿੰਸਾ, ਬੁਨਿਆਦੀ ਢਾਂਚਾ ਅਤੇ ਮਾਨਸਿਕ ਸਿਹਤ ਸਮੇਤ ਸਟੇਟ ਸਰਕਾਰ ਦੀਆਂ ਸੇਵਾਵਾਂ ਤੋਂ ਸੰਤੁਸ਼ਟੀ ’ਤੇ ਕੇਂਦ੍ਰਿਤ ਸਨ। ਸਰਵੇਖਣ ਦੇ ਹਰ ਦੌਰ ਵਿੱਚ ਲਗਭਗ 5,000 ਲੋਕਾਂ ਤੋਂ ਸਵਾਲ ਪੁੱਛੇ ਗਏ, ਜਿਸ ਵਿੱਚ ਲਗਭਗ 3,000 ਸ਼ਹਿਰਾਂ ਅਤੇ ਬਾਕੀ ਰਾਜ ਦੇ ਖੇਤਰੀ ਅਤੇ ਪੇਂਡੂ ਹਿੱਸਿਆਂ ਤੋਂ ਸਨ।
ਮੌਜੂਦਾ ਖੇਤਰੀ NSW ਮੰਤਰੀ, ਤਾਰਾ ਮੋਰੀਆਰਟੀ, ਨੇ ਅਹੁਦਾ ਸੰਭਾਲਣ ਤੋਂ ਬਾਅਦ ਇਸ ਪ੍ਰੋਜੈਕਟ ਲਈ ਰੱਖੇ ਗਏ 500,000 ਡਾਲਰ ਨੂੰ ਮਾਨਸਿਕ ਸਿਹਤ ਸੇਵਾਵਾਂ ’ਤੇ ਲਗਾ ਦਿੱਤਾ। ਸਰਵੇਖਣਾਂ ਦੇ ਪੂਰੇ ਨਤੀਜੇ ਕਦੇ ਵੀ ਪ੍ਰਕਾਸ਼ਿਤ ਨਹੀਂ ਕੀਤੇ ਗਏ ਸਨ, ਅਤੇ ਸਿਰਫ ਚੋਣਵੇਂ ਨਤੀਜਿਆਂ ਨੂੰ NSW ਸਰਕਾਰ ਦੀ ਵੈੱਬਸਾਈਟ ‘ਤੇ ਜਨਤਕ ਕੀਤਾ ਗਿਆ ਸੀ ਜਿਸ ਵਿੱਚ ਪਰਵਾਸੀਆਂ ਬਾਰੇ ਸਵਾਲ ਸ਼ਾਮਲ ਨਹੀਂ ਸਨ।