ਮੈਲਬਰਨ: ਵਿਸ਼ਵ ਕੱਪ ਕ੍ਰਿਕੇਟ (Cricket World Cup 2023) ’ਚ ਲਗਾਤਾਰ ਚਾਰ ਮੈਚਾਂ ’ਚ ਹਾਰ ਝੱਲਣ ਤੋਂ ਬਾਅਦ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਸੈਮੀਫ਼ਾਈਨਲ ’ਚ ਆਪਣੀ ਥਾਂ ਲਗਭਗ ਪੱਕੀ ਕਰ ਲਈ ਹੈ।
ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿਖੇ ਹੋਏ ਮੈਚ ’ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 5 ਵਿਕੇਟਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਦੀ ਪੂਰੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 46.4 ਓਵਰਾਂ ’ਚ 171 ਰਨ ’ਤੇ ਆਊਟ ਹੋ ਗਈ। ਨਿਊਜ਼ੀਲੈਂਡ ਵੱਲੋਂ ਟਰੈਂਟ ਬੋਲਟ ਨੇ ਤਿੰਨ ਵਿਕੇਟਾਂ ਲਈਆਂ ਜਿਨ੍ਹਾਂ ‘ਮੈਨ ਆਫ਼ ਦਾ ਮੈਚ’ ਐਲਾਨ ਕੀਤਾ ਗਿਆ। ਸ੍ਰੀਲੰਕਾ ਵੱਲੋਂ ਸਿਰਫ਼ ਕੁਸਾਲ ਪਰੇਰਾ ਅੱਧਾ ਸੈਂਕੜਾ ਬਣਾ ਸਕੇ। ਉਨ੍ਹਾਂ ਨੇ 28 ਗੇਂਦਾਂ ’ਚ ਦੋ ਛੱਕਿਆਂ ਅਤੇ 9 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ।
ਜਵਾਬ ’ਚ ਨਿਊਜ਼ੀਲੈਂਡ ਨੇ 23.2 ਓਵਰਾਂ ’ਚ ਹੀ 5 ਵਿਕੇਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਡੇਵਿਡ ਕੋਨਵੇ ਨੇ 45, ਰਚਿਨ ਰਵਿੰਦਰਾ ਨੇ 42 ਅਤੇ ਡੈਰਿਲ ਮਿਸ਼ੇਲ ਨੇ 43 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਦੇ ਇਸ ਜਿੱਤ ਨਾਲ 10 ਅੰਕ ਹੋ ਗਏ ਹਨ ਅਤੇ ਉਹ ਪੁਆਇੰਟ ਟੇਬਲ ’ਚ ਚੌਥੇ ਸਥਾਨ ’ਤੇ ਹੈ। ਸਿਰਫ਼ ਚਾਰ ਲੀਗ ਮੈਚ ਰਹਿੰਦੇ ਹਨ ਜਿਨ੍ਹਾਂ ’ਚੋਂ ਦੋ ’ਚ ਅਫ਼ਗਾਨਿਸਤਾਨ ਦਾ ਮੁਕਾਬਲਾ ਦਖਣੀ ਅਫ਼ਰੀਕਾ ਅਤੇ ਪਾਕਿਸਤਾਨ ਦਾ ਮੁਕਾਬਲਾ ਇੰਗਲੈਂਡ ਨਾਲ ਹੈ। ਹਾਲਾਂਕਿ ਅਫ਼ਗਾਨਿਸਤਾਨ ਦਾ ਰਨ ਰੇਟ ਬਹੁਤ ਘੱਟ ਹੋਣ ਕਾਰਨ ਉਹ ਇਕ ਤਰ੍ਹਾਂ ਨਾਲ ਸੈਮੀਫ਼ਾਈਨਲ ਦੀ ਦੌੜ ’ਚੋਂ ਪਹਿਲਾਂ ਹੀ ਬਾਹਰ ਗਿਣਿਆ ਜਾ ਰਿਹਾ ਸੀ। ਪਰ ਨਿਊਜ਼ੀਲੈਂਡ ਦੀ ਵੱਡੀ ਜਿੱਤ ਤੋਂ ਬਾਅਦ ਪਾਕਿਸਤਾਨ ਦੀ ਵੀ ਇਹੀ ਹਾਲਤ ਹੋ ਗਈ ਹੈ।
Cricket World Cup 2023 ਦੇ ਸੈਮੀਫ਼ਾਈਨਲ ’ਚ ਪਹੁੰਚਣ ਲਈ ਪਾਕਿ ਨੂੰ ਕੀ ਕਰਨਾ ਹੋਵੇਗਾ?
ਪਹਿਲਾ ਸੈਮੀਫ਼ਾਈਨਲ ਮੁਕਾਬਲਾ ਦਖਣੀ ਅਫ਼ਰੀਕਾ ਅਤੇ ਆਸਟ੍ਰੇਲੀਆ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ 15 ਨਵੰਬਰ ਨੂੰ ਹੋਵੇਗਾ, ਜਦਕਿ ਦੂਜਾ ਮੁਕਾਬਲਾ ਵੀਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅ ’ਚ ਹੋਵੇਗਾ, ਜਿਸ ਲਈ ਭਾਰਤ ਨਾਲ ਖੇਡਣ ਵਾਲੀ ਟੀਮ ਦਾ ਅਜੇ ਤਕ ਫੈਸਲਾ ਨਹੀਂ ਹੋ ਸਕਿਆ ਹੈ ਕਿਉਂਕਿ ਕਹਿੰਦੇ ਹਨ ਕ੍ਰਿਕੇਟ ’ਚ ਕੁਝ ਵੀ ਸੰਭਵ ਹੈ।