ਅਕਤੂਬਰ 2023 ਦਰਜ ਕੀਤਾ ਗਿਆ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ (Hottest October), ਵਿਗਿਆਨੀ ਚਿੰਤਤ

ਮੈਲਬਰਨ: ਪਿਛਲਾ ਮਹੀਨਾ, ਅਕਤੂਬਰ 2023, ਵਿਸ਼ਵ ਪੱਧਰ ’ਤੇ ਰਿਕਾਰਡ ਕੀਤਾ ਗਿਆ ਸਭ ਤੋਂ ਗਰਮ ਅਕਤੂਬਰ (Hottest October) ਸੀ, ਜਿਸ ਤੋਂ ਬਾਅਦ ਸੰਭਾਵਤ ਤੌਰ ’ਤੇ 2023 ਨੂੰ ਵੀ ਇਤਿਹਾਸ ਦਾ ਸਭ ਤੋਂ ਗਰਮ ਸਾਲ ਐਲਾਨ ਦਿੱਤਾ ਜਾਵੇਗਾ। ਦੁਬਈ ਵਿੱਚ ਸੰਯੁਕਤ ਰਾਸ਼ਟਰ COP28 ਜਲਵਾਯੂ ਸੰਮੇਲਨ ਤੋਂ ਪਹਿਲਾਂ ਵਿਗਿਆਨੀ ਵਿਸ਼ਵ ਨੇਤਾਵਾਂ ਨੂੰ ਗ੍ਰੀਨਹਾਉਸ ਗੈਸ ਪ੍ਰਦੂਸ਼ਣ ਨੂੰ ਰੋਕਣ ਲਈ ਬੇਨਤੀ ਕਰ ਰਹੇ ਹਨ। ਈ.ਯੂ. ਦੀ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ (C3S) ਨੇ ਅਮਰੀਕਾ ਅਤੇ ਮੈਕਸੀਕੋ ਦੇ ਕੁਝ ਹਿੱਸਿਆਂ ਵਿੱਚ ਸੋਕੇ, ਜਦਕਿ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਆਮ ਹਾਲਤਾਂ ਨਾਲੋਂ ਵੱਧ ਮੀਂਹ ਪੈਣ ਦੀ ਰਿਪੋਰਟ ਕੀਤੀ ਹਨ।

ਸਮੁੰਦਰ ਦੀ ਸਤਹ ਦਾ ਤਾਪਮਾਨ ਵੀ ਇਸ ਮਹੀਨੇ ਲਈ ਰਿਕਾਰਡ ਕੀਤਾ ਗਿਆ ਸਭ ਤੋਂ ਉੱਚਾ ਸੀ, ਜੋ ਵਧੇਰੇ ਤੀਬਰ ਅਤੇ ਵਿਨਾਸ਼ਕਾਰੀ ਤੂਫਾਨਾਂ ਵਿੱਚ ਯੋਗਦਾਨ ਪਾ ਸਕਦਾ ਹੈ। ਸਾਲ 2023 ਵਰਤਮਾਨ ਵਿੱਚ ਪੂਰਵ-ਉਦਯੋਗਿਕ ਦੌਰ ਦੀ ਔਸਤ ਨਾਲੋਂ 1.43 ਡਿਗਰੀ ਸੈਲਸੀਅਸ ਵੱਧ ਹੈ। ਪੈਰਿਸ ਸਮਝੌਤੇ ’ਚ ਲਗਭਗ 200 ਦੇਸ਼ਾਂ ਨੇ ਗਲੋਬਲ ਵਾਰਮਿੰਗ ਨੂੰ ਪੂਰਵ-ਉਦਯੋਗਿਕ ਯੁੱਗ ਤੋਂ ਦੋ ਡਿਗਰੀ ਸੈਲਸੀਅਸ ਤੋਂ ਘੱਟ ਤੱਕ ਸੀਮਤ ਕਰਨ ਦਾ ਵਾਅਦਾ ਕੀਤਾ। ਇਸ ਸਾਲ ਸਮੁੰਦਰ ਦੀ ਸਤ੍ਹਾ ਨੂੰ ਗਰਮ ਕਰਨ ਵਾਲੀ ਅਲ ਨੀਨੋ ਮੌਸਮ ਦੀ ਘਟਨਾ ਸ਼ੁਰੂ ਹੋਈ, ਜਿਸ ਦੇ ਸਭ ਤੋਂ ਮਾੜੇ ਪ੍ਰਭਾਵਾਂ 2023 ਦੇ ਅੰਤ ਅਤੇ ਅਗਲੇ ਸਾਲ ਤੱਕ ਮਹਿਸੂਸ ਕੀਤੇ ਜਾਣ ਦੀ ਉਮੀਦ ਹੈ। ਇਸ ਸਾਲ ਦਾ ਅਕਤੂਬਰ ਮਹੀਨਾ, ਪੂਰਵ-ਉਦਯੋਗਿਕ ਯੁੱਗ ਲਈ ਇਸ ਮਹੀਨੇ ਦੀ ਔਸਤ ਦੇ ਅੰਦਾਜ਼ੇ ਨਾਲੋਂ, 1.7C ਜ਼ਿਆਦਾ ਗਰਮ ਰਿਹਾ। ਇਸ ਸਾਲ ਜਨਵਰੀ ਤੋਂ ਹੀ ਆਲਮੀ ਔਸਤ ਤਾਪਮਾਨ 1940 ਤਕ ਦੇ ਰਿਕਾਰਡਾਂ ਵਿੱਚ ਸਭ ਤੋਂ ਵੱਧ ਰਿਹਾ ਹੈ।

ਧਰੁਵੀ ਖੇਤਰਾਂ ਨੂੰ ਛੱਡ ਕੇ ਮਹੀਨੇ ਲਈ ਔਸਤ ਸਮੁੰਦਰੀ ਸਤਹ ਦਾ ਤਾਪਮਾਨ 20.79C ਤੱਕ ਪਹੁੰਚ ਗਿਆ। ਉਦਯੋਗਿਕ ਯੁੱਗ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਮਨੁੱਖੀ ਗਤੀਵਿਧੀਆਂ ਨਾਲ ਪੈਦਾ ਹੋਈ 90 ਪ੍ਰਤੀਸ਼ਤ ਵਾਧੂ ਗਰਮੀ ਨੂੰ ਸਮੁੰਦਰਾਂ ਨੇ ਜਜ਼ਬ ਕਰ ਲਿਆ ਹੈ। ਗਰਮ ਸਮੁੰਦਰਾਂ ਦਾ ਨਤੀਜਾ ਤੂਫਾਨਾਂ ਦੀ ਤੀਬਰਤਾ ਵਿੱਚ ਵਾਧਾ ਅਤੇ ਮਹੱਤਵਪੂਰਨ ਬਰਫ਼ ਦੀਆਂ ਸ਼ੈਲਫਾਂ ਦੇ ਪਿਘਲਣ ਵਜੋਂ ਨਿਕਲਿਆ ਹੈ। 30 ਨਵੰਬਰ ਤੋਂ 12 ਦਸੰਬਰ ਤੱਕ COP28 ਕਾਨਫਰੰਸ ਲਈ ਸੰਯੁਕਤ ਅਰਬ ਅਮੀਰਾਤ ਵਿੱਚ ਮੀਟਿੰਗਾਂ ਕਰਨ ਵਾਲੇ ਨੇਤਾਵਾਂ ਸਾਹਮਣੇ ਦੁਨੀਆ ਦੇ ਪੈਰਿਸ ’ਚ ਕੀਤੇ ਵਾਅਦਿਆਂ ’ਤੇ ਇੱਕ ਬਹੁਤ ਖ਼ਰਾਬ ਪ੍ਰਗਤੀ ਰਿਪੋਰਟ ਹੋਵੇਗੀ। ਕਾਰਬਨ ਨਿਕਾਸ ਲਗਾਤਾਰ ਵਧਦਾ ਜਾ ਰਿਹਾ ਹੈ ਜਦਕਿ ਇਸ ਨੂੰ ਇਸ ਦਹਾਕੇ ਦੌਰਾਨ ਅੱਧੇ ਤਕ ਘਟਾਉਣ ਦੀ ਜ਼ਰੂਰਤ ਹੈ। ਤਾਪਮਾਨ ਦੇ ਪੂਰਵ-ਉਦਯੋਗਿਕ ਪੱਧਰਾਂ ਤੋਂ ਸਿਰਫ 1.2 ਡਿਗਰੀ ਸੈਲਸੀਅਸ ਵਧਣ ਕਾਰਨ ਕਈ ਤਰ੍ਹਾਂ ਦੇ ਵਿਨਾਸ਼ਕਾਰੀ ਅਤੇ ਮਹਿੰਗੇ ਮੌਸਮ ਦੀਆਂ ਮਾਰਾਂ ਦਾ ਸਾਹਮਣਾ ਕਰਨਾ ਪਿਆ ਹੈ।

Leave a Comment