Maxwell ਦੇ ਚਮਤਕਾਰ ਨਾਲ ਆਸਟ੍ਰੇਲੀਆ CWC ਦੇ ਸੈਮੀਫ਼ਾਈਨਲ ’ਚ, ਜਾਣੋ ਇਤਿਹਾਸਕ ਪਾਰੀ ’ਚ ਕਿੰਨੇ ਰਿਕਾਰਡ ਤੋੜੇ ਵਿਕਟੋਰੀਅਨ ਬੱਲੇਬਾਜ਼ ਨੇ

ਮੈਲਬਰਨ: ਆਸਟਰੇਲਿਆਈ ਆਲਰਾਊਂਡਰ ਗਲੇਨ ਮੈਕਸਵੈੱਲ (Glenn Maxwell) ਨੇ ਸ਼ਾਇਦ ਵਨਡੇ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਖੇਡੀ ਹੈ। ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਮੈਕਸਵੈੱਲ ਨੇ ਵਿਸ਼ਵ ਕੱਪ ਦੇ ਗਰੁੱਪ ਗੇੜ ਦੇ ਮੁਕਾਬਲੇ ਵਿੱਚ ਆਸਟਰੇਲੀਆ ਦੀ ਅਫਗਾਨਿਸਤਾਨ ਉੱਤੇ ਤਿੰਨ ਵਿਕਟਾਂ ਦੀ ਜਿੱਤ ਵਿੱਚ ਨਾਬਾਦ 201 ਦੌੜਾਂ ਬਣਾਈਆਂ।

ਮੈਕਸਵੈੱਲ ਦੀ ਪਾਰੀ 128 ਗੇਂਦਾਂ ਵਿੱਚ ਆਈ ਜਦੋਂ ਉਸਨੇ 46.5 ਓਵਰਾਂ ਵਿੱਚ ਆਸਟਰੇਲੀਆ ਨੂੰ 7/293 ਤੱਕ ਪਹੁੰਚਾਇਆ। ਜਦੋਂ ਉਹ ਕ੍ਰੀਜ਼ ’ਤੇ ਪਹੁੰਚਿਆ ਸੀ ਤਾਂ ਆਸਟ੍ਰੇਲੀਆ ਦਾ ਸਕੋਰ 4 ਵਿਕਟਾਂ ’ਤੇ 49 ਦੌੜਾਂ ਸੀ। ਵਿਕਟੋਰੀਆ ਵਾਸੀ ਮੈਕਸਵੈੱਲ ਆਪਣੀ ਪਾਰੀ ਦੌਰਾਨ ਪੈਰ ਦੀ ਮਾਸਪੇਸ਼ੀ ’ਚ ਅਕੜਾਅ ਨਾਲ ਵੀ ਜੂਝਿਆ ਪਰ ਇਹ ਵੀ ਉਸ ਨੂੰ ਰੋਕ ਨਹੀਂ ਸਕਿਆ ਅਤੇ ਉਸ ਨੇ ਕਪਤਾਨ ਪੈਟ ਕਮਿੰਸ (ਅਜੇਤੂ 12) ਨਾਲ ਮਿਲ ਕੇ ਸ਼ਾਨਦਾਰ ਹਾਲਾਤਾਂ ਵਿੱਚ ਜਿੱਤ ਦਾ ਪਿੱਛਾ ਕਰਨ ਲਈ 202 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਮੈਕਸਵੈੱਲ ਨੇ ਵੀ ਆਪਣੀ ਇਸ ਚਮਤਕਾਰੀ ਪਾਰੀ ’ਚ 21 ਚੌਕੇ ਅਤੇ 10 ਛੱਕੇ ਲਗਾਏ। ਇੱਕ ਪਾਰੀ ਦੇ ਪਿੱਛੇ ਦੇ ਕੁਝ ਇਤਿਹਾਸਕ ਅੰਕੜਿਆਂ ’ਤੇ ਨਜ਼ਰ ਮਾਰੀਏ ਜੋ ਅਸੀਂ ਸੰਭਾਵਤ ਤੌਰ ‘ਤੇ ਦੁਬਾਰਾ ਕਦੇ ਵੀ ਨੇੜੇ ਨਹੀਂ ਦੇਖਾਂਗੇ।

ਇੱਕ ਰੋਜ਼ਾ ਕ੍ਰਿਕਟ ਵਿੱਚ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ

1 – ਗਲੇਨ ਮੈਕਸਵੈੱਲ (ਨਾਬਾਦ 201) AUS v AFG, 2023
2 – ਸ਼ੇਨ ਵਾਟਸਨ (ਨਾਬਾਦ 185) AUS v BAN, 2011
3 – ਮੈਥਿਊ ਹੇਡਨ (ਨਾਬਾਦ 181) AUS v NZ, 2007
4 – ਡੇਵਿਡ ਵਾਰਨਰ (179) AUS v PAK, 2017
5 – ਡੇਵਿਡ ਵਾਰਨਰ (178) AUS v AFG, 2015

ODI ਦੌੜਾਂ ਦਾ ਜਿੱਤ ਦਾ ਪਿੱਛਾ ਕਰਨ ’ਚ ਸਭ ਤੋਂ ਵੱਧ ਸਕੋਰ
1 – ਗਲੇਨ ਮੈਕਸਵੈੱਲ (ਨਾਬਾਦ 201) AUS v AFG, 2023
2 – ਫਖਰ ਜ਼ਮਾਨ (193) PAK v SA, 2021
3 – ਸ਼ੇਨ ਵਾਟਸਨ (ਨਾਬਾਦ 185) AUS v BAN, 2011
4 – ਐਮ.ਐਸ. ਧੋਨੀ (ਅਜੇਤੂ 183) IND v SL, 2005
5 – ਵਿਰਾਟ ਕੋਹਲੀ (183) IND v PAK, 2012

ਗੈਰ-ਸਲਾਮੀ ਬੱਲੇਬਾਜ਼ਾਂ ਲਈ ਸਰਬੋਤਮ ਵਨਡੇ ਸਕੋਰ
1 – ਗਲੇਨ ਮੈਕਸਵੈੱਲ (ਨਾਬਾਦ 201) AUS v AFG, 2023
2 – ਚਾਰਲਸ ਕੋਵੈਂਟਰੀ (ਨਾਬਾਦ 194) ZIM v BAN, 2009
3 – ਵਿਵ ਰਿਚਰਡਸ (ਨਾਬਾਦ 189) WI v END, 1984
4 – ਫਾਫ ਡੂ ਪਲੇਸਿਸ (185) SA v SL, 2017
5 – ਐਮਐਸ ਧੋਨੀ (ਅਜੇਤੂ 183) IND v SL, 2005

ਅੱਠਵੇਂ ਵਿਕੇਟ ਲਈ ਸਭ ਤੋਂ ਵੱਡੀ ਸਾਂਝੇਦਾਰੀ
1 – ਗਲੇਨ ਮੈਕਸਵੈੱਲ, ਪੈਟ ਕਮਿੰਸ (ਨਾਬਾਦ 202) AUS v AFG, 2023
2 – ਜੇ.ਐਮ. ਕੈਂਪ., ਏ.ਜੇ. ਹਾਲ (ਨਾਬਾਦ 138) SA v IND, 2006
3 – ਪੀ.ਆਰ. ਰਾਫ਼ੇਲ, ਐਸ.ਕੇ. ਵਾਰਨੇ (119) AUS v SA, 1994
4 – ਡੀ.ਐਲ. ਹੌਗਟਨ, ਆਈ.ਪੀ. ਬੁਟਚਾਰਟ (117) ZIM v NZ, 1987
5 – ਈ. ਚਿੰਗੁੰਬਰਾ, ਜੀ.ਬੀ. ਬਰੈਂਟ (115) ZIM v SA, 2007

Maxwell ਨੇ ਖੇਡੀ ਵਨਡੇ ਦੀ ਹੁਣ ਤੱਕ ਦੀ ਸਭ ਤੋਂ ਮਹਾਨ ਪਾਰੀ : ਕਮਿੰਸ

ਕਪਤਾਨ ਪੈਟ ਕਮਿੰਸ ਨੇ ਮੈਕਸਵੈੱਲ ਦੀ ਪਾਰੀ ਨੂੰ ਵਨਡੇ ਕ੍ਰਿਕੇਟ ਦੇ ਇਤਿਹਾਸ ਦੀ ਸਭ ਤੋਂ ਮਹਾਨ ਪਾਰੀ ਕਰਾਰ ਦਿਤਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਸਭ ਤੋਂ ਮਹਾਨ ਵਨਡੇ ਪਾਰੀ ਹੈ ਜੋ ਮੈਂ ਹੁਣ ਤੱਕ ਦੇਖੀ ਹੈ। ਅਸੀਂ ਸਾਰੇ ਖਿਡਾਰੀ ਇਸ ਬਾਰੇ ਗੱਲ ਕਰ ਰਹੇ ਸੀ, ਅਤੇ ਅਸੀਂ ਫੈਸਲਾ ਕੀਤਾ ਹੈ ਕਿ ਇਹ ਉਨ੍ਹਾਂ ਦਿਨਾਂ ’ਚੋਂ ਇੱਕ ਹੈ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਉਸ ਦਿਨ ਮੈਂ ਵੀ ਸਟੇਡੀਅਮ ’ਚ ਸੀ ਜਿਸ ਦਿਨ ਇਕੱਲੇ ਗਲੇਨ ਮੈਕਸਵੈੱਲ ਨੇ ਟੀਮ ਨੂੰ ਜਿਤਾ ਦਿੱਤਾ।’’ ਉਨ੍ਹਾਂ ਅੱਗੇ ਕਿਹਾ, ‘‘ਉਸ ਨੇ ਸਿਰਫ਼ ਆਪਣੇ ਦਮ ’ਤੇ ਟੀਮ ਨੂੰ ਜਿਤਾ ਦਿੱਤਾ। ਮੈਂ ਦੂਜੇ ਸਿਰੇ ’ਤੇ ਸੀ ਪਰ ਮੈਨੂੰ ਕਿਤੇ ਵੀ ਅਜਿਹੀ ਥਾਂ ਨਹੀਂ ਦਿਸ ਰਹੀ ਸੀ ਜਿੱਥੇ ਚੌਕਾ ਮਾਰਾਂ, ਪਰ ਉਸ ਲਈ ਤਾਂ ਜਿਵੇਂ ਆਸਾਨ ਕੰਮ ਸੀ।’’ ਭਾਵੇਂ ਗਲੇਨ ਮੈਕਸਵੈੱਲ ਆਪਣੀ 147ਵੀਂ ਦੌੜ ਦੌੜਦਿਆਂ ਵਾਨਖੇੜੇ ਮੈਦਾਨ ‘ਤੇ ਡਿੱਗ ਗਿਆ, ਉਸ ਦੀ ਹੈਮਸਟ੍ਰਿੰਗ ਮਾਸਪੇਸ਼ੀਆਂ ਵਿੱਚ ਅਕੜਾਅ ਹੋ ਗਿਆ ਸੀ, ਪਰ ਫਿਰ ਵੀ ਮੈਕਸਵੈੱਲ ਨੇ ਇਤਿਹਾਸਕ ਪਾਰੀ ਜਾਰੀ ਰੱਖੀ ਅਤੇ ਆਪਣੀ ਟੀਮ ਦੀ ਜਿੱਤ ਪੱਕੀ ਕੀਤੀ।

Maxwell ਨੇ ਅਫ਼ਗਾਨਿਸਤਾਨ ਦਾ ਪਹਿਲਾ ਵਿਸ਼ਵ ਕੱਪ ਸੈਂਕੜਾ ਵੀ ਬੇਕਾਰ ਕੀਤਾ

ਇਕ ਸਮੇਂ 292 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਦੀ ਟੀਮ 7 ਵਿਕਟਾਂ ’ਤੇ 91 ਦੌੜਾਂ ਹੀ ਬਣਾ ਸਕੀ ਸੀ। ਫਿਰ ਗਲੇਨ ਮੈਕਸਵੈੱਲ ਨੇ ਦੋਹਰਾ ਸੈਂਕੜਾ ਜੜ ਕੇ ਨਾ ਸਿਰਫ ਮੈਚ ਜਿੱਤਿਆ, ਸਗੋਂ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਵੀ ਆਪਣੀ ਟੀਮ ਦੀ ਜਗ੍ਹਾ ਪੱਕੀ ਕਰ ਲਈ। ਇਬਰਾਹਿਮ ਜ਼ਦਰਾਨ ਦੇ ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਦਾ ਪਹਿਲਾ ਸੈਂਕੜਾ ਬਣਾਉਣ ਤੋਂ ਬਾਅਦ, ਨਵੀਨ-ਉਲ-ਹੱਕ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਆਸਟਰੇਲੀਆ ਦੇ ਸਿਖਰਲੇ ਕ੍ਰਮ ਨੂੰ ਤੋੜ ਕੇ ਵਾਨਖੇੜੇ ਵਿੱਚ ਇੱਕ ਮਸ਼ਹੂਰ ਜਿੱਤ ਦਰਜ ਕਰਨ ਦੀ ਧਮਕੀ ਦਿੱਤੀ ਸੀ। ਪਰ ਮੈਕਸਵੈੱਲ ਨੇ ਸਨਸਨੀਖੇਜ਼ 201 ਨਾਬਾਦ ਦੌੜਾਂ ਬਣਾ ਕੇ ਅਫ਼ਗਾਨਿਸਤਾਨ ਦੇ ਇਰਾਦਿਆਂ ’ਤੇ ਪਾਣੀ ਫੇਰ ਦਿੱਤਾ। ਜ਼ਦਰਾਨ ਨੇ 143 ਗੇਂਦਾਂ ’ਚ 129 ਦੌੜਾਂ ਬਣਾਈਆਂ ਜੋ ਵਿਸ਼ਵ ਕੱਪ ’ਚ ਕਿਸੇ ਅਫ਼ਗਾਨੀ ਬੱਲੇਬਾਜ਼ ਵੱਲੋਂ ਪਹਿਲਾ ਸੈਂਕੜਾ ਹੈ।

Leave a Comment