ਮੈਲਬਰਨ: ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਪਿਛਲੇ ਸੱਤ ਸਾਲਾਂ ’ਚ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨ੍ਹਾਂ ਨੇ ਚੀਨ ਦੀ ਧਰਤੀ ’ਤੇ ਕਦਮ ਰਖਿਆ ਹੈ। ਬੀਜਿੰਗ ’ਚ ਉਨ੍ਹਾਂ ਦੀ ਚੀਨ ਦੇ ਰਾਸ਼ਟਰਪਤੀ ਮੁਲਾਕਾਤ ਇੱਕ ਘੰਟੇ ਤਕ ਚੱਲੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਜ਼ੀ ਜਿਨਪਿੰਗ ਨਾਲ ਉੱਚ-ਪੱਧਰੀ ਗੱਲਬਾਤ ਨੂੰ ‘ਬਹੁਤ ਸਫ਼ਲ’ ਕਰਾਰ ਦਿੱਤਾ, ਜਦਕਿ ਚੀਨ ਦੇ ਰਾਸ਼ਟਰਪਤੀ ਨੇ ਉਨ੍ਹਾਂ ਦੀ ਫੇਰੀ ਨੂੰ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਿਤਆਂ ’ਚ ‘ਨਵੇਂ ਯੁੱਗ’ ਦੀ ਸ਼ੁਰੂਆਤ ਦੱਸਿਆ।
ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਮਨੁੱਖੀ ਅਧਿਕਾਰਾਂ, ਤਾਈਵਾਨ ਵਿਰੁੱਧ ਧਮਕੀਆਂ ਨੂੰ ਵਧਾਉਣ ਅਤੇ 20 ਅਰਬ ਡਾਲਰ ਦੇ ਆਸਟਰੇਲੀਆਈ ਨਿਰਯਾਤ ’ਤੇ ਵਪਾਰ ਪਾਬੰਦੀ ਬਾਰੇ ਚਰਚਾ ਕੀਤੀ ਅਤੇ ਚੀਨੀ ਮੁਖੀ ਨੇ ਕਿਹਾ ਕਿ ਦੋਹਾਂ ਆਗੂਆਂ ਨੇ ਇਨ੍ਹਾਂ ਖੇਤਰਾਂ ’ਚ ‘ਕੁੱਝ ਸਮੱਸਿਆਵਾਂ ਨੂੰ ਹੱਲ ਕਰ ਲਿਆ’ ਹੈ। ਜ਼ੀ ਨੇ ਚੀਨ ਨਾਲ ਸਬੰਧਾਂ ਨੂੰ ਸਥਿਰ ਕਰਨ ਅਤੇ ਬਿਹਤਰ ਬਣਾਉਣ ਲਈ ਕੰਮ ਕਰਨ ਲਈ ਅਲਬਨੀਜ਼ ਦੀ ਤਾਰੀਫ਼ ਕੀਤੀ।
ਪ੍ਰਧਾਨ ਮੰਤਰੀ ਅਲਬਨੀਜ਼ ਨੇ ਕਿਹਾ ਕਿ ਚੀਨ ਦੇ ਮੁਖੀ ਨੇ ਉਨ੍ਹਾਂ ਦੀ ਹਾਂ ’ਚ ਹਾਂ ਮਿਲਾਈ ਹੈ ਪਰ ਉਨ੍ਹਾਂ ਇਹ ਨਹੀਂ ਕਿਹਾ ਕਿ ਉਨ੍ਹਾਂ ਨੂੰ ਜ਼ੀ ’ਤੇ ਭਰੋਸਾ ਹੈ। ਉਨ੍ਹਾਂ ਕਿਹਾ, ‘‘ਇਹ ਲੋਕਾਂ ਨਾਲ ਵਰਤਣਾ ਸ਼ੁਰੂ ਕਰਨ ਦਾ ਸਾਕਾਰਾਤਮਕ ਤਰੀਕਾ ਹੈ। ਪਰ ਅਸੀਂ ਮੰਨਦੇ ਹਾਂ ਕਿ ਅਸੀਂ ਵੱਖੋ-ਵੱਖ ਸਿਆਸੀ ਪ੍ਰਣਾਲੀਆਂ ਅਤੇ ਵੱਖੋ-ਵੱਖ ਕਦਰਾਂ-ਕੀਮਤਾਂ ਨੂੰ ਮੰਨਦੇ ਹਾਂ।’’
AUKUS ’ਤੇ ਰੇੜਕਾ ਜਾਰੀ
ਹਾਲਾਂਕਿ, ਚੀਨ AUKUS ਦਾ ਸਖ਼ਤ ਵਿਰੋਧ ਕਰਦਾ ਹੈ, ਜੋ ਕਿ ਇੱਕ ਸੁਰੱਖਿਆ ਗਠਜੋੜ ਹੈ ਜਿਸ ਵਿੱਚ ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਸ਼ਾਮਲ ਹਨ, ਜਿਸ ਬਾਰੇ ਚੀਨ ਦਾ ਮੰਨਣਾ ਹੈ ਕਿ ਇਹ ‘ਸ਼ੀਤ ਯੁੱਧ ਦੀ ਮਾਨਸਿਕਤਾ’ ਪ੍ਰਗਟਾਉਂਦਾ ਹੈ। ਚੀਨ ਨੂੰ ਇਹ ਵੀ ਡਰ ਹੈ ਕਿ AUKUS ਟੈਕਨਾਲੋਜੀ ਆਸਟ੍ਰੇਲੀਆ ਨੂੰ ਟ੍ਰਾਂਸਫਰ ਕਰਨ ਕਾਰਨ ਵਿਸ਼ਵ ਪ੍ਰਮਾਣੂ ਗੈਰ-ਪ੍ਰਸਾਰ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦਾ ਹੈ।