ਮੈਲਬਰਨ: ਆਸਟ੍ਰੇਲੀਆ ਦੀ ਇਕ ਅਦਾਲਤ ਨੇ ਕੈਨਬਰਾ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸੂਰੀ (Navdeep Suri) ਨੂੰ ਉਸ ਦੀ ਸਾਬਕਾ ਨੌਕਰਾਣੀ ਨੂੰ ਹਜ਼ਾਰਾਂ ਡਾਲਰ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਹੈ। ਪੰਜਾਬੀ ਮੂਲ ਦੀ ਮਹਿਲਾ ਕਰਮਚਾਰੀ ਸੀਮਾ ਸ਼ੇਰਗਿੱਲ (Seema Shergill) ਨੇ ਸੂਰੀ ’ਤੇ ਦੋਸ਼ ਲਗਾਇਆ ਸੀ ਕਿ ਉਹ ਉਸ ਨੂੰ ਕੰਮ ਕਰਨ ਦੇ ਗਲਤ ਹਾਲਾਤ ’ਚ ਕੰਮ ਕਰਵਾ ਰਿਹਾ ਸੀ ਅਤੇ ਤਨਖ਼ਾਹ ਦਾ ਭੁਗਤਾਨ ਵੀ ਨਹੀਂ ਕੀਤਾ ਗਿਆ। ਫ਼ੈਡਰਲ ਅਦਾਲਤ ਦੀ ਜੱਜ ਐਲਿਜ਼ਾਬੈਥ ਰੇਪਰ ਨੇ ਸੂਰੀ ਨੂੰ 60 ਦਿਨਾਂ ਦੇ ਅੰਦਰ ਸੀਮਾ ਸ਼ੇਰਗਿੱਲ ਨੂੰ 1,36,000 ਡਾਲਰ ਅਤੇ ਇਸ ’ਤੇ ਵਿਆਜ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।
ਕੀ ਹਨ Navdeep Suri ’ਤੇ ਦੋਸ਼?
ਰਿਪੋਰਟ ਮੁਤਾਬਕ ਸ਼ੇਰਗਿੱਲ ਅਪ੍ਰੈਲ 2015 ’ਚ ਆਸਟ੍ਰੇਲੀਆ ਗਈ ਸੀ ਅਤੇ ਕੈਨਬਰਾ ’ਚ ਸੂਰੀ ਦੇ ਘਰ ਇਕ ਸਾਲ ਤੱਕ ਕੰਮ ਕਰਦੀ ਰਹੀ। ਅਦਾਲਤ ’ਚ ਦਸਿਆ ਗਿਆ ਕਿ ਸ਼ੇਰਗਿੱਲ ਹਫ਼ਤੇ ’ਚ ਸੱਤ ਦਿਨ ਰੋਜ਼ਾਨਾ 17.5 ਘੰਟਿਆਂ ਕੰਮ ਕਰਦੀ ਹੁੰਦੀ ਸੀ। ਉਸ ਦੇ ਕੰਮਾਂ ’ਚ ਮਕਾਨ ਦੀ ਸਾਫ਼-ਸਫ਼ਾਈ, ਖਾਣਾ ਬਣਾਉਣਾ ਅਤੇ ਬਗੀਚੇ ਦੀ ਸਫ਼ਾਈ ਕਰਨਾ ਸ਼ਾਮਲ ਹੁੰਦਾ ਸੀ ਅਤੇ ਉਹ ਘਰ ਤੋਂ ਬਾਹਰ ਸਿਰਫ਼ ਕੁੱਤੇ ਨੂੰ ਸੈਰ ਕਰਵਾਉਣ ਲਈ ਜਾਂਦੀ ਸੀ। ਇਸ ਸਭ ਬਦਲੇ ਉਸ ਨੂੰ ਦਿਨ ਦੇ 7.80 ਡਾਲਰ ਹੀ ਮਿਲਦੇ ਸਨ ਅਤੇ ਸ਼ਿਕਾਇਤ ਕਰਨ ਤੋਂ ਬਾਅਦ ਉਸ ਦੀ ਤਨਖ਼ਾਹ ਵਧਾ ਕੇ ਰੋਜ਼ਾਨਾ 9 ਡਾਲਰ ਕਰ ਦਿੱਤੀ ਗਈ। ਉਸ 13 ਮਹੀਨੇ ਕੰਮ ਕਰਨ ਬਦਲੇ ਸਿਰਫ਼ 3400 ਡਾਲਰ ਹੀ ਮਿਲੇ ਸਨ। ਮਈ, 2016 ’ਚ ਉਹ ਅਚਾਨਕ ਘਰ ਛੱਡ ਕੇ ਭੱਜ ਗਈ ਸੀ।
ਭਾਰਤ ’ਚ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੇਰਗਿੱਲ ਨੂੰ ਅਧਿਕਾਰਤ ਪਾਸਪੋਰਟ ਜਾਰੀ ਕੀਤਾ ਗਿਆ ਸੀ ਅਤੇ 2016 ’ਚ ਭਾਰਤ ਵਾਪਸ ਆਉਣ ਲਈ ਕਿਹਾ ਗਿਆ ਸੀ, ਪਰ ਉਸਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਸੀ। ਅਧਿਕਾਰੀ ਅਨੁਸਾਰ, ਸ਼ੇਰਗਿੱਲ ਨੇ 2021 ’ਚ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕੀਤੀ ਸੀ ਅਤੇ ਇਹ ਮੰਨਣ ਦੇ ਕਾਰਨ ਹਨ ਕਿ ਉਸ ਨੇ ਉਸ ਦੇਸ਼ ਵਿੱਚ ਰਹਿਣ ਦੇ ਇਰਾਦੇ ਨਾਲ ਕੇਸ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀ ਨੂੰ ਕੋਈ ਸ਼ਿਕਾਇਤ ਸੀ ਤਾਂ ਉਸ ਨੂੰ ਭਾਰਤ ਵਾਪਸ ਆ ਕੇ ਸਮਰੱਥ ਅਧਿਕਾਰੀਆਂ ਜਾਂ ਅਦਾਲਤ ਤੱਕ ਪਹੁੰਚ ਕਰਨੀ ਚਾਹੀਦੀ ਸੀ।