ਇਸ ਸਾਲ Diwali 2023 or Bandi Chhor Diwas 2023, 12 ਨਵੰਬਰ 2023, ਦਿਨ ਐਤਵਾਰ ਨੂੰ ਮਨਾਇਆ ਜਾਵੇਗਾ।
ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਆਖਿਆ ਜਾਂਦਾ ਹੈ। ਜਿੱਥੇ ਹਰ ਸਾਲ ਦੀਵਾਲੀ, ਦਸਹਿਰਾ, ਵਿਸਾਖੀ, ਰੱਖੜੀ, ਤੀਆਂ ਵਰਗੇ ਅਨੇਕਾਂ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ।
ਭਾਰਤ `ਚ ਰੋਸ਼ਨੀਆਂ ਦੇ ਤਿਉਹਾਰ ‘ਦੀਵਾਲੀ’ ਨੂੰ ਹਰ ਸਾਲ ਹਿੰਦੂ, ਸਿੱਖ, ਜੈਨ ਅਤੇ ਬੋਧੀ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਉਂਦੇ ਹਨ। ਸਾਰੇ ਧਰਮਾਂ ਦੇ ਲੋਕਾਂ ਦੀ ਸ਼ਰਧਾ ਆਪੋ-ਆਪਣੇ ਧਰਮ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਨਾਲ ਸਬੰਧਤ ਹੁੰਦੀ ਹੈ। ਪਰ ਸਾਰਿਆਂ `ਚ ਇੱਕੋ ਗੱਲ ਸਾਂਝੀ ਹੈ ਕਿ ਲੋਕ ਮਠਿਆਈਆਂ ਵੰਡ ਕੇ, ਗਰੀਬਾਂ ਨੂੰ ਦਾਨ ਕਰਕੇ ਅਤੇ ਆਤਿਸ਼ਾਬਾਜ਼ੀਆਂ-ਪਟਾਕੇ ਚਲਾ ਕੇ ਖੁਸ਼ੀ ਮਨਾਉਂਦੇ ਹਨ।
ਭਾਵੇਂ ਹਿੰਦੂ ਲੋਕਾਂ `ਚ ਇਸ ਦਿਹਾੜੇ ਨੂੰ ਮਨਾਉਣ ਪਿੱਛੇ ਕਈ ਦੰਦ-ਕਥਾਵਾਂ ਪ੍ਰਚਿੱਲਤ ਹਨ ਪਰ ਮੁੱਖ ਤੌਰ `ਤੇ ਮੰਨਿਆ ਜਾਂਦਾ ਹੈ ਕਿ ਜਦੋਂ ਸ੍ਰੀ ਰਾਮ ਚੰਦਰ ਜੀ ਲੰਕਾ ਨੂੰ ਫਤਹਿ ਕਰਨ ਤੋਂ ਬਾਅਦ ਅਯੋਧਿਆ ਪਹੁੰਚੇ ਸਨ ਤਾਂ ਉਦੋਂ ਲੋਕਾਂ ਨੇ ਦੀਵੇ ਬਾਲ ਕੇ ਖੁਸ਼ੀ ਮਨਾਈ ਸੀ ਅਤੇ ਇਸ ਤਿਉਹਾਰ ਦਾ ਨਾਂ ਦੀਵਾਲੀ (Diwali 2023) ਪੈ ਗਿਆ ਸੀ। ਕਈ ਪਰਿਵਾਰ ਇਸਨੂੰ ਧਨ-ਦੌਲਤ ਨਾਲ ਵੀ ਜੋੜ ਕੇ ਵੇਖਦੇ ਹਨ ਅਤੇ ਲੱਛਮੀ ਦੀ ਪੂਜਾ ਵੀ ਕਰਦੇ ਹਨ। ਪਰ ਸਿੱਖ ਧਰਮ ਇਸ ਦਿਹਾੜੇ ਨੂੰ ਸਿੱਖਾਂ ਦੇ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਨਾਲ ਜੋੜ ਕੇ ਮਨਾਉਂਦੇ ਹਨ, ਜਿਨ੍ਹਾਂ ਨੇ ਸਿੱਖਾਂ ਦੀ ਪ੍ਰਭੂਸੱਤਾ ਸੰਪੰਨ ਸੰਸਥਾ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਸਥਾਪਨਾ ਕੀਤੀ ਸੀ।
ਸਿੱਖ ਪ੍ਰੈੱਸ ਐਸੋਸੀਏਸ਼ਨ (www.sikhpa.com) ਅਨੁਸਾਰ ਭਾਰਤ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਕਾਰਜਕਾਲ ਦੌਰਾਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ (ਮੱਧ ਪ੍ਰਦੇਸ਼) ਚੋਂ ਰਿਹਾਅ ਹੋ ਕੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਤਾਂ ਉਸ ਵੇਲੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਦੀਵੇ ਬਾਲ ਕੇ ਖੁਸ਼ੀਆਂ ਮਨਾਈਆਂ ਸਨ। ਜਿਸ ਕਰਕੇ ਇਸ ਦਿਹਾੜੇ ਨੂੰ ‘ਬੰਦੀ ਛੋੜ ਦਿਹਾੜਾ’ ਭਾਵ ਆਖਿਆ ਜਾਂਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਭਾਰਤ `ਚ ਮੁਗਲ ਹਕੂਮਤ ਦੌਰਾਨ ਸੰਨ 1619 `ਚ ਗੁਰੂ ਸਾਹਿਬ ਦੀ ਰਿਹਾਈ ਬਾਰੇ ਜਦੋਂ ਸ਼ਾਹੀ ਫ਼ਰਮਾਨ ਜਾਰੀ ਹੋਇਆ ਸੀ ਤਾਂ ਉਨ੍ਹਾਂ ਨੇ ਇਕੱਲਿਆਂ ਰਿਹਾਅ ਹੋਣ ਦੀ ਬਜਾਏ ਆਪਣੇ ਨਾਲ ਕਿਲ੍ਹੇ `ਚ ਬੰਦ 52 ਹੋਰ ਹਿੰਦੂ ਰਾਜਿਆਂ ਨੂੰ ਵੀ ਰਿਹਾਅ ਕਰਨ ਦੀ ਸ਼ਰਤ ਰੱਖੀ ਸੀ। ਅਜਿਹਾ ਸੁਣ ਕੇ ਦੂਜੇ ਪਾਸੇ ਬਾਦਸ਼ਾਹ ਜਹਾਂਗੀਰ ਨੇ ਵੀ ਸ਼ਰਤ ਰੱਖ ਦਿੱਤੀ ਕਿ ਸਿਰਫ਼ ਉਨ੍ਹੇ ਰਾਜੇ ਹੀ ਰਿਹਾਅ ਕੀਤੇ ਜਾਣਗੇ, ਜਿੰਨੇ ਗੁਰੂ ਸਾਹਿਬ ਦੀ ਪੋਸ਼ਾਕ ਦਾ ਲੜ ਫੜ ਕੇ ਬਾਹਰ ਆ ਸਕਦੇ ਹਨ। ਇਸ ਪਿੱਛੋਂ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਵਿਸ਼ੇਸ਼ ਬਾਣਾ ਤਿਆਰ ਕਰਵਾਇਆ ਸੀ। ਜਿਸ ਰਾਹੀਂ 52 ਪਹਾੜੀ ਰਾਜੇ ਗੁਰੂ ਸਾਹਿਬ ਦੀ ਪੋਸ਼ਾਕ ਨੂੰ ਫੜ ਕੇ ਕਿਲ੍ਹੇ ਚੋਂ ਬਾਹਰ ਆ ਗਏ ਸਨ। ਇਸ ਪੋਸ਼ਾਕ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਭਾਲ ਕੇ ਰੱਖੀ ਹੋਈ ਹੈ।
(Diwali 2023) ਦੀਵਾਲੀ ਵਾਲੇ ਦਿਨ ਗੁਰੂ ਘਰਾਂ ‘ਚ ਨਤਮਸਤਕ ਹੁੰਦੇ ਨੇ ਸ਼ਰਧਾਲੂ
ਦੀਵਾਲੀ (Diwali 2023) ਮੌਕੇ ਸਿੱਖ ਸ਼ਰਧਾਲੂ ਗੁਰੂਘਰਾਂ `ਚ ਜਾ ਕੇ ਮੱਥਾ ਟੇਕਦੇ ਹਨ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕਰਦੇ ਹਨ। ਦੀਵਾਲੀ ਮੌਕੇ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਸਮੇਤ ਹਰ ਗੁਰੂ ਘਰ `ਚ ਦੀਵਾਲੀ (Diwali 2023) ਵਾਲੇ ਦਿਨ ਕੀਰਤਨ ਕਰਨ ਵਾਲੇ ਪ੍ਰਚਾਰਕ ਸਿੰਘ ਅਕਸਰ ਹੇਠ ਲਿਖੇ ਸ਼ਬਦ ਦਾ ਗਾਇਨ ਕਰਦੇ ਹਨ।
“ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ” ਪੰਕਤੀ ਨੂੰ ਮੂਲ ਅਰਥਾਂ ਦੇ ਬਿਲਕੁਲ ਉਲਟ ਪੇਸ਼ ਕਰ ਰਹੇ ਹੁੰਦੇ ਹਨ। ਅਸਲ `ਚ ਭਾਈ ਗੁਰਦਾਸ ਜੀ ਦੀ ਵਾਰ 19/6 ਦੀ ਇਹ ਪਹਿਲੀ ਪੰਕਤੀ ਹੈ ਅਤੇ ਪਉੜੀ ਇਸ ਤਰ੍ਹਾਂ ਹੈ:
“ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ॥
ਫੁਲਾਂ ਦੀ ਬਾਗਾਤਿ, ਚੁਣਿ ਚੁਨਿ ਚਾਲਿਆਣਿ॥
ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਣਿ॥
ਹਰਿ ਚੰਦਉਰੀ ਝਾਤਿ, ਵਸਾਇ ਉਚਾਲੀਅਣਿ॥
ਗੁਰਮੁਖਿ ਸੁਖ ਫਲਦਾਤਿ, ਸਬਦਿ ਸਮਾਲੀਅਣਿ॥
“
ਇਸ ਬਾਬਤ ਗੁਰਮਤਿ ਐਜ਼ਕੇਸ਼ਨ ਸੈਂਟਰ ਦਿੱਲੀ ਦੇ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ (www.sikhmarg.com) ਦੀ ਦਲੀਲ ਹੈ ਕਿ ਇਸ ਵਾਰ `ਚ ਦੀਵਾਲੀ (Diwali 2023) ਦੇ ਦਿਹਾੜੇ ਦੀ ਸ਼ੋਭਾ ਨਹੀਂ ਕੀਤੀ ਗਈ ਸਗੋਂ ਸਿੱਖ ਗੁਰੂਆਂ `ਚ ਪ੍ਰਵਾਨਤ ਭਾਈ ਗੁਰਦਾਸ ਜੀ ‘ਸੰਸਾਰ ਦੀ ਨਾਸ਼ਵਾਨਤਾ’ ਬਾਰੇ ਸਮਝਾਉਂਦੇ ਹਨ ਕਿ ਦੀਵਾਲੀ (Diwali 2023) ਵਾਲੀ ਰਾਤ ਬਾਲੇ ਜਾਣ ਵਾਲੇ ਦੀਵੇ ਕੁੱਝ ਚਿਰ ਬਾਅਦ ਬੁਝ ਜਾਂਦੇ ਹਨ। ਰਾਤ ਨੂੰ ਚਮਕਣ ਵਾਲੇ ਤਾਰੇ ਸਵੇਰ ਤੱਕ ਲੋਪ ਹੋ ਜਾਂਦੇ ਹਨ। ਪੌਦਿਆਂ ਨਾਲ ਲੱਗੇ ਫੁੱਲ ਵੀ ਸਦਾ ਨਹੀਂ ਰਹਿੰਦੇ। ਤੀਰਥਾਂ ਜਾਣ ਵਾਲੇ ਲੋਕ ਦਿਸਦੇ ਹਨ ਪਰ ਉੱਥੇ ਜਾ ਕੇ ਨਹੀਂ ਰਹਿੰਦੇ। ਬੱਦਲਾਂ ਦੇ ਮਹਿਲ ਦਿਸਦੇ ਹਨ ਪਰ ਉਨ੍ਹਾਂ ਦੀ ਅਸਲ ਹੋਂਦ ਨਹੀਂ ਹੁੰਦੀ। ਜਿਸ ਕਰਕੇ ਗੁਰਮੁਖ ਲੋਕ ਅਜਿਹੀਆਂ ਨਾਸ਼ਵਾਨ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ ਅਤੇ ਸਗੋਂ ਸਦੀਵੀ ‘ਗੁਰੂ ਸ਼ਬਦ’ ਨਾਲ ਜੁੜ ਕੇ ਜਿ਼ੰਦਗੀ ਜਿਉਂਦੇ ਹਨ।
ਭਾਈ ਗੁਰਦਾਸ ਜੀ ਦੀ ਇਸ ਵਾਰ ਬਾਰੇ ਕਥਾ ਵਾਚਕ ਸੁਖਜੀਤ ਸਿੰਘ ਕਪੂਰਥਲਾ ਵੀ (https://gurparsad.com) ਰਾਹੀਂ ਅਜਿਹੇ ਹੀ ਵਿਚਾਰਾਂ ਨੂੰ ਉਤਸ਼ਾਹਿਤ ਕਰਦੇ ਹਨ ਕਿ ਭਾਈ ਗੁਰਦਾਸ ਦੀ ਵਾਰ ਦੇ ਸਹੀ ਅਰਥਾਂ ਨੂੰ ਸਮਝਣਾ ਜ਼ਰੂਰੀ ਹੈ ਅਤੇ ਦੀਵਾਲੀ ਵਾਲੇ ਦਿਨ ਜੋ ਸ਼ਬਦ ਗਾਇਆ ਜਾਂਦਾ ਹੈ, ਉਸਦਾ ਦੀਵਾਲੀ ਵਾਲੇ ਦਿਹਾੜੇ ਨਾਲ ਸਿੱਧਾ ਕੋਈ ਸਬੰਧ ਨਹੀਂ ।
ਖ਼ੈਰ ! ਸਿੱਖ ਭਾਈਚਾਰੇ `ਚ ਦੀਵਾਲੀ (Diwali 2023) ਮਨਾਉਣ ਨੂੰ ਲੈ ਕੇ ਸਿੱਖ ਵਿਚਾਰਕਾਂ ਦੇ ਵਿਚਾਰਾਂ `ਚ ਭਾਵੇਂ ਮਤਭੇਦ ਹੋ ਸਕਦੇ ਹਨ। ਪਰ ਜੇ ਜ਼ਮੀਨੀ ਪੱਧਰ `ਤੇ ਵੇਖਿਆ ਜਾਵੇ ਤਾਂ ਇਸ ਤਿਉਹਾਰ ਨੂੰ ਪਿੰਡਾਂ-ਸ਼ਹਿਰਾਂ `ਚ ਹਿੰਦੂ, ਸਿੱਖ, ਜੈਨ ਅਤੇ ਬੋਧੀ ਆਪੋ-ਆਪਣੀਆਂ ਧਾਰਮਿਕ ਰਵਾਇਤਾਂ ਨਾਲ ਮਨਾਉਂਦੇ ਹਨ ਪਰ ਸਮਾਜਿਕ ਤੌਰ `ਤੇ ਲਗਪਗ ਇੱਕੋ ਹੀ ਤਰੀਕੇ ਨਾਲ, ਜਿਵੇਂ ਮਠਿਆਈਆਂ ਖ੍ਰੀਦ-ਵੰਡ ਕੇ, ਪਟਾਖ਼ੇ ਚਲਾ ਕੇ ਮਨਾਉਂਦੇ ਹਨ। ਬੱਚਿਆਂ, ਨੌਜਵਾਨਾਂ ਅਤੇ ਔਰਤਾਂ `ਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਦਾ ਹੈ ਅਤੇ ਦੀਵਾਲੀ ਤੋਂ ਕਈ ਦਿਨ ਪਹਿਲਾਂ ਆਪੋ-ਆਪਣੇ ਘਰਾਂ ਦੀ ਸਫ਼ਾਈ ਕਰਨੀ ਸ਼ੁਰੂ ਕਰ ਦਿੰਦੇ ਹਨ।
ਦੀਵਾਲੀ ਬਾਰੇ ਪੰਜਾਬੀਆਂ `ਚ ਇੱਕ ਗੱਲ ਬਹੁਤ ਮਸ਼ਹੂਰ ਹੈ।
ਅਖੇ ! ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ
-ਅਵਤਾਰ ਸਿੰਘ ਟਹਿਣਾ
Chief Editor, Sea7 Australia