ਮੈਲਬਰਨ : ਨਿਊਜ਼ੀਲੈਂਡ ਵਿੱਚ ਸ਼ਰਨ ਮੰਗਣ ਵਾਲੇ (Refugee) ਭਾਰਤੀ ਲੋਕਾਂ ਦੀ ਗਿਣਤੀ `ਚ 400 % ਵਾਧਾ ਹੋਇਆ ਹੈ। ਹਾਲਾਂਕਿ ਮਲੇਸ਼ੀਆ ਦੇ ਲੋਕਾਂ ਦਾ ਵਾਧਾ ਸਭ ਤੋਂ ਵੱਧ 700 % ਅਤੇ ਚਾਈਨਾ ਦਾ 300 % ਵਾਧਾ ਹੋਇਆ ਹੈ, ਜਿੱਥੋਂ ਦੇ ਲੋਕ ਵੱਡੀ ਗਿਣਤੀ `ਚ ਰਿਫਊਜੀ ਸਟੇਟਸ ਮੰਗ ਰਹੇ ਹਨ। ਇਹ ਉਹ ਲੋਕ ਹਨ ਜੋ ਪਹਿਲਾਂ ਹੀ ਨਿਊਜ਼ੀਲੈਂਡ ਵਿੱਚ ਟੈਂਪਰੇਰੀ ਵੀਜ਼ੇ `ਤੇ ਰਹਿ ਰਹੇ ਹਨ।
ਨੈਸ਼ਨਲ ਪਾਰਟੀ ਦੀ ਇਮੀਗਰੇਸ਼ਨ ਮਾਮਲਿਆਂ ਬਾਰੇ ਸਪੋਕਸਪਰਸਨ ਐਰਿਕਾ ਸਟੈਨਫੋਰਡ ਦਾ ਕਹਿਣਾ ਹੈ ਕਿ ਰਿਫਊਜ਼ੀ ਸਿਸਟਮ ਰਾਹੀਂ ਇਮੀਗਰੇਸ਼ਨ ਤੋਂ ਸ਼ਰਨ ਮੰਗਣ ਵਾਲੇ ਲੋਕਾਂ ਦੀ ਗਿਣਤੀ `ਚ ਇੰਨਾ ਵੱਡਾ ਵਾਧਾ ਦਰਸਾਉਂਦਾ ਹੈ ਕਿ ਦੇਸ਼ ਦੇ ਇਮੀਗਰੇਸ਼ਨ ਸਿਸਟਮ `ਤੇ ਮੁੜ ਵਿਚਾਰ ਕਰਨ ਦੀ ਲੋੜ ਹੈ।
ਇਕ ਰਿਪੋਰਟ ਅਨੁਸਾਰ ਸਾਲ 2022 `ਚ 358 ਲੋਕਾਂ ਨੇ ਸ਼ਰਨ ਮੰਗੀ ਸੀ, ਜੋ ਕਿ ਚਾਲੂ ਸਾਲ 2023 ਦੌਰਾਨ 31 ਅਗਸਤ ਤੱਕ ਹੀ ਵਧ ਕੇ 980 ਤੱਕ ਪਹੁੰਚ ਗਈ ਹੈ, ਜੋ ਦਸੰਬਰ ਤੱਕ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਬਾਬਤ ਰਿਫਊਜੀ ਐਂਡ ਮਾਈਗਰੈਂਟਸ ਸਰਵਿਸਜ਼ ਦੀ ਮੈਨੇਜਰ ਫਾਈਉਨਾ ਵਿਟਰਜ਼ ਦਾ ਕਹਿਣਾ ਹੈ ਕਿ ਉਹ ਇਸ ਗੱਲੋਂ ਸੁਚੇਤ ਹਨ ਕਿ ਕਈ ਲੋਕ ਦੇਸ਼ ਦੇ ਰਿਫਊਜੀ ਸਿਸਟਮ ਦਾ ਸ਼ੋਸ਼ਣ ਕਰਨ ਦੀ ਕੋਸਿ਼ਸ਼ ਕਰ ਰਹੇ ਹਨ।