ਬੱਚਿਆਂ ਨੂੰ Instagram ਦਾ ਚਸਕਾ ਲਗਾ ਕੇ ਡਿਪਰੈਸ਼ਨ ਅਤੇ ਚਿੰਤਾ ਵਧਾ ਰਿਹੈ Meta, ਅਮਰੀਕਾ ’ਚ ਮੁਕੱਦਮਾ ਦਰਜ

ਮੈਲਬਰਨ: Meta Platform ਅਤੇ ਇਸ ਦੀ Instagram ਯੂਨਿਟ ’ਤੇ ਕੈਲੀਫੋਰਨੀਆ ਅਤੇ ਨਿਊਯਾਰਕ ਸਮੇਤ 33 ਅਮਰੀਕੀ ਸਟੇਟ ਵੱਲੋਂ ਕਥਿਤ ਤੌਰ ’ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਲਤ ਲਾਉਣ ਵਾਲਾ ਅਤੇ ਬੱਚਿਆਂ ਦੀ ਮਾਨਸਿਕ ਸਿਹਤ ਸੰਕਟ ਵਿੱਚ ਯੋਗਦਾਨ ਪਾਉਣ ਵਾਲਾ ਬਣਾਉਣ ਲਈ ਮੁਕੱਦਮਾ ਕੀਤਾ ਜਾ ਰਿਹਾ ਹੈ। ਸਟੇਟਸ ਦਾ ਦਾਅਵਾ ਹੈ ਕਿ Meta ਨੇ ਆਪਣੇ ਪਲੇਟਫਾਰਮਾਂ ਦੇ ਖ਼ਤਰਿਆਂ ਬਾਰੇ ਜਨਤਾ ਨੂੰ ਗੁੰਮਰਾਹ ਕੀਤਾ ਹੈ ਅਤੇ ਜਾਣਬੁੱਝ ਕੇ ਛੋਟੇ ਬੱਚਿਆਂ ਅਤੇ ਨੌਜੁਆਨਾਂ ਨੂੰ ਇਸ ਦਾ ਚਸਕਾ ਲਗਾਇਆ ਅਤੇ ਜਬਰਦਸਤੀ ਸੋਸ਼ਲ ਮੀਡੀਆ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਹੈ।

ਮੁਕੱਦਮੇ ’ਚ ਦੋਸ਼ ਲਗਾਇਆ ਗਿਆ ਹੈ ਕਿ ਮੈਟਾ ਦਾ ਮਨੋਰਥ ਲਾਭ ਕਮਾਉਣਾ ਹੈ, ਅਤੇ ਇਸ ਨੇ ਬੱਚਿਆਂ ਅਤੇ ਨੌਜੁਆਨਾਂ ਨੂੰ ਫਸਾਉਣ ਅਤੇ ਆਪਣੇ ਨਾਲ ਜੋੜੀ ਰੱਖਣ ਲਈ ਸ਼ਕਤੀਸ਼ਾਲੀ ਤਕਨੀਕਾਂ ਦੀ ਵਰਤੋਂ ਕੀਤੀ ਹੈ। ਸਟੇਟਸ ਨੇ ਡਿਪਰੈਸ਼ਨ, ਚਿੰਤਾ, ਇਨਸੌਮਨੀਆ, ਸਿੱਖਿਆ ਅਤੇ ਰੋਜ਼ਾਨਾ ਜੀਵਨ ਵਿੱਚ ਦਖਲਅੰਦਾਜ਼ੀ, ਅਤੇ ਹੋਰ ਬਹੁਤ ਸਾਰੇ ਨਕਾਰਾਤਮਕ ਨਤੀਜਿਆਂ ਨਾਲ Meta ਦੇ Social Media Platforms ਦੀ ਬੱਚਿਆਂ ਦੀ ਵਰਤੋਂ ਨਾਲ ਸੰਬੰਧਿਤ ਖੋਜ ਦਾ ਹਵਾਲਾ ਦਿੱਤਾ ਹੈ।

ਮੁਕੱਦਮੇ ਵਿਚ ਮੈਟਾ ’ਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਬਾਰੇ ਜਾਣਕਾਰੀ ਨੂੰ ਇਕੱਠਾ ਕਰਨ ’ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੀ ਉਲੰਘਣਾ ਕਰਨ ਅਤੇ ਧੋਖੇ ਨਾਲ ਇਸ ਗੱਲ ਤੋਂ ਇਨਕਾਰੀ ਹੋਣ ਦਾ ਦੋਸ਼ ਵੀ ਲਗਾਇਆ ਗਿਆ ਹੈ ਕਿ ਇਸ ਦਾ ਸੋਸ਼ਲ ਮੀਡੀਆ ਨੁਕਸਾਨਦੇਹ ਸੀ। ਇਹ ਦੋਸ਼ ਲਗਾਇਆ ਗਿਆ ਹੈ ਕਿ ਮੈਟਾ ਦੇ ਐਲਗੋਰਿਦਮ ਨੂੰ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਬੱਚਿਆਂ ਨੂੰ ਇਸ ਦਾ ਮਜ਼ਾ ਆਉਂਦਾ ਰਹਹੇ ਅਤੇ ਉਨ੍ਹਾਂ ਨੂੰ ਇਸ ਦੀ ਲਤ ਲੱਗ ਜਾਵੇ।

ਇਹ ਮੁਕੱਦਮਾ 2021 ਵਿੱਚ ਇੱਕ ਵ੍ਹਿਸਲਬਲੋਅਰ ਦੁਆਰਾ ਦਸਤਾਵੇਜ਼ਾਂ ਦੇ ਜਾਰੀ ਕੀਤੇ ਜਾਣ ਤੋਂ ਬਾਅਦ ਕੀਤਾ ਗਿਆ ਹੈ ਜੋ ਦਰਸਾਉਂਦਾ ਹੈ ਕਿ ਕੰਪਨੀ ਜਾਣਦੀ ਸੀ ਕਿ ਇੰਸਟਾਗ੍ਰਾਮ ਦੀ ਨਸ਼ੇ ਵਾਂਗ ਲਤ ਲੱਗ ਜਾਂਦੀ ਹੈ ਅਤੇ ਕੁਝ ਨਾਬਾਲਗ ਕੁੜੀਆਂ ਲਈ ਉਨ੍ਹਾਂ ਦੀ ਸਰੀਰਕ ਬਣਤਰ ਸਮੱਸਿਆਵਾਂ ਨੂੰ ਹੋਰ ਗੰਭੀਰ ਕਰ ਦਿੱਤਾ। ਸਟੇਟਸ ਦਾ ਇਲਜ਼ਾਮ ਹੈ ਕਿ ਮੇਟਾ ਆਪਣੇ ਹੋਰੀਜ਼ਨ ਵਰਲਡਜ਼ ਪਲੇਟਫਾਰਮ ਅਤੇ ਵਟਸਐਪ ਅਤੇ ਮੈਸੇਂਜਰ ਐਪਸ ਸਮੇਤ, ਆਪਣੇ ਨੁਕਸਾਨਦੇਹ ਅਭਿਆਸਾਂ ਨੂੰ ਵਰਚੁਅਲ ਰਿਐਲਿਟੀ ਵਿੱਚ ਵੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। Meta ਨੂੰ ਵੱਖ-ਵੱਖ ਸਟੇਟਸ ਦੇ ਕਾਨੂੰਨਾਂ ਦੀ ਉਲੰਘਣਾ ਲਈ 1,570 ਆਸਟ੍ਰੇਲੀਆਈ ਡਾਲਰ ਤੋਂ 78,500 ਆਸਟ੍ਰੇਲੀਆਈ ਡਾਲਰ ਦੇ ਸਿਵਲ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਰਕਮ ਇੰਸਟਾਗ੍ਰਾਮ ਦੀ ਵਰਤੋਂ ਕਰਨ ਵਾਲੇ ਲੱਖਾਂ ਬੱਚਿਆਂ ਅਤੇ ਨਾਬਾਲਗਾਂ ਨੂੰ ਵੇਖਦੇ ਹੋਏ ਬਹੁਤ ਵੱਡੀ ਹੋ ਸਕਦੀ ਹੈ।

Leave a Comment