ਮੈਲਬਰਨ: ਵਧੀਆਂ ਵਿਆਜ ਦਰਾਂ ਅਤੇ ਵਧੇ ਹੋਏ ਟੈਕਸਾਂ ਕਾਰਨ ਮੈਲਬੌਰਨ ਦੇ ਮਕਾਨ ਮਾਲਕ ਕਿਰਾਏਦਾਰਾਂ ਨੂੰ ਲੀਜ਼ ਤੋੜਨ ਲਈ ਭੁਗਤਾਨ ਕਰ ਰਹੇ, ਤਾਂ ਕਿ ਉਹ ਆਪਣਾ ਮਕਾਨ ਵੇਚ ਸਕਣ। ਪੈਨੀ ਕੋਸਟਾ ਨਾਂ ਦੀ ਇੱਕ ਔਰਤ ਨੇ ਹਾਲ ਹੀ ਵਿੱਚ ਨੋਬਲ ਪਾਰਕ ਵਿਖੇ ਸਥਿਤ ਆਪਣਾ ਲੰਮੀ ਮਿਆਦ ਲਈ ਕਿਰਾਏ ’ਤੇ ਦਿੱਤਾ ਮਕਾਨ ਇਸ ਕਾਰਨ ਵੇਚ ਦਿੱਤਾ ਕਿਉਂਕਿ ਜਾਇਦਾਦ ’ਤੇ ਖ਼ਰਚ ਇਸ ਤੋਂ ਹੋਣ ਵਾਲੀ ਆਮਦਨ ਤੋਂ ਵੱਧ ਗਿਆ ਸੀ। ਉਹ ਜੋ ਕਿਰਾਇਆ ਪ੍ਰਾਪਤ ਕਰ ਰਹੀ ਸੀ ਉਹ ਵਿਆਜ ਦਰਾਂ ਵਿੱਚ ਵਾਧੇ, ਬੀਮਾ ਅਤੇ ਸੁਰੱਖਿਆ ਜਾਂਚਾਂ ਦਾ ਭੁਗਤਾਨ ਕਰਨ ਲਈ ਵੀ ਕਾਫ਼ੀ ਨਹੀਂ ਸੀ।
ਕੋਸਟਾ ਹੀ ਨਹੀਂ ਉਸ ਵਰਗੇ ਬਹੁਤ ਸਾਰੇ ਮਕਾਨ ਮਾਲਕਾਂ ਲਈ, ਵਿਕਟੋਰੀਆ ਸਰਕਾਰ ਦੇ ਨਵੀਨਤਮ ਨਿਵੇਸ਼ ਪ੍ਰਾਪਰਟੀ ਟੈਕਸ ਵੀ ਬੋਝ ਨੂੰ ਵਧਾ ਦੇਣਗੇ। ਜਨਵਰੀ ਤੋਂ, ਨਿਵੇਸ਼ਕਾਂ ’ਤੇ 975 ਡਾਲਰ ਦਾ ਵਾਧੂ ਲੈਂਡ ਟੈਕਸ ਲਗਾਇਆ ਜਾਵੇਗਾ, ਅਤੇ ਖਾਲੀ ਜਾਇਦਾਦਾਂ ’ਤੇ ਉਨ੍ਹਾਂ ਦੇ ਮੁੱਲ ਦੇ 1 ਫੀਸਦੀ ’ਤੇ ਟੈਕਸ ਲਗਾਇਆ ਜਾਵੇਗਾ। ਵਧੀਆਂ ਲਾਗਤਾਂ ਦੇ ਨਤੀਜੇ ਵਜੋਂ, ਕੁਝ ਜਾਇਦਾਦ ਦੇ ਮਾਲਕ ਆਪਣੇ ਕਿਰਾਏਦਾਰਾਂ ਨੂੰ ਲੀਜ਼ ਤੋੜਨ ਲਈ ਭੁਗਤਾਨ ਕਰ ਰਹੇ ਹਨ। ਰੇ ਵ੍ਹਾਈਟ ਕ੍ਰੇਜਬਰਨ ਰੀਅਲ ਅਸਟੇਟ ਏਜੰਟ ਟ੍ਰਿਸ਼ ਓਰੀਕੋ ਨੇ ਕਿਹਾ ਕਿ ਉਹ ਆਪਣੇ ਕਿਰਾਏਦਾਰ ਨੂੰ ਛੇਤੀ ਤੋਂ ਛੇਤੀ ਮਕਾਨ ਖ਼ਾਲੀ ਕਰਨ ਲਈ ਭੁਗਤਾਨ ਕਰ ਰਹੇ ਹਨ ਤਾਂ ਜੋ ਉਹ ਇਸ ਨੂੰ ਵੇਚ ਸਕਣ। ਓਰੀਕੋ ਦੀਆਂ 28 ਮੌਜੂਦਾ ਜਾਇਦਾਦਾਂ ’ਚੋਂ 18 ਕਿਰਾਏ ’ਤੇ ਹਨ।
ਉਧਰ ਰਾਸ਼ਟਰੀ ਨਿਵੇਸ਼ ਫਰਮ ‘ਪ੍ਰਾਪਰਟੀਓਲੋਜੀ’ ਦੇ ਅੰਕੜਿਆਂ ਅਨੁਸਾਰ, ਮੈਲਬਰਨ ’ਚ ਕਿਰਾਏ ’ਤੇ ਮੌਜੂਦ ਮਕਾਨਾਂ ਦੀ ਗਿਣਤੀ ਘੱਟ ਰਹੀ ਹੈ। ਦਸ ਸਾਲ ਪਹਿਲਾਂ, ਮੈਲਬਰਨ ’ਚ ਕਿਰਾਏ ਲਈ 11,800 ਘਰ ਉਪਲਬਧ ਸਨ। 2023 ਵਿੱਚ ਇਹ ਗਿਣਤੀ ਘਟ ਕੇ ਸਿਰਫ਼ 6,500 ਰਹਿ ਗਈ। ਪ੍ਰਾਪਰਟੀਓਲੋਜੀ ਦੇ ਮੈਨੇਜਿੰਗ ਡਾਇਰੈਕਟਰ ਸਾਈਮਨ ਪ੍ਰੈਸਲੇ ਨੇ ਵਿਕਟੋਰੀਆ ਦੇ ਕਿਰਾਏ ਦੇ ਕਾਨੂੰਨ ਨੂੰ ਆਸਟ੍ਰੇਲੀਆ ਵਿੱਚ ਸਭ ਤੋਂ ‘ਸਖ਼ਤ’ ਦੱਸਿਆ ਹੈ। ਇਸ ਹਫਤੇ ਦੇ ਸ਼ੁਰੂ ਵਿੱਚ, ਪ੍ਰੈਸਲੇ ਨੇ ਐਲਾਨ ਕੀਤਾ ਸੀ ਕਿ ਫਰਮ ਹੁਣ ਆਪਣੇ ਨਿਵੇਸ਼ਕਾਂ ਨੂੰ ਵਿਕਟੋਰੀਆ ਦੇ ਕਿਸੇ ਵੀ ਸ਼ਹਿਰ ਜਾਂ ਉਪਨਗਰ ਦੀ ਸਿਫ਼ਾਰਸ਼ ਨਹੀਂ ਕਰੇਗੀ।