ਪਾਕਿਸਤਾਨ ਵਿਰੁਧ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ ਨੂੰ ਲੱਗੀ ਸੱਟ, ਜਾਣੋ ਕਿਉਂ ਛੱਡੀ ਫ਼ੀਲਡਿੰਗ ਅੱਧ ਵਿਚਾਲੇ

ਮੈਲਬਰਨ: ਸ਼ੁੱਕਰਵਾਰ ਨੂੰ ਕ੍ਰਿਕੇਟ ਵਿਸ਼ਵ ਕੱਪ ’ਚ ਆਸਟ੍ਰੇਲੀਆਈ ਟੀਮ ਦੀ ਲਗਾਤਾਰ ਦੂਜੀ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ ਨੂੰ ਚੱਡੇ ’ਚ ਸੱਟ ਲੱਗਣ ਕਾਰਨ ਮੈਚ ’ਚੋਂ ਅੱਧ-ਵਿਚਾਲੇ ਹੀ ਬਾਹਰ ਹੋਣਾ ਪਿਆ ਸੀ। ਹਾਲਾਂਕਿ ਵਾਰਨਰ ਨੇ ਸੱਟ ਲੱਗਣ ਦੀਆਂ ਚਿੰਤਾਵਾਂ ਨੂੰ ਨਕਾਰਿਆ ਹੈ ਅਤੇ ਕਿਹਾ ਹੈ ਕਿ ਉਸ ਨੂੰ ਸਿਰਫ਼ ਮਾਸਪੇਸ਼ੀਆਂ ’ਚ ਅਕੜਾਅ ਹੋਇਆ ਸੀ ਜਿਸ ਕਾਰਨ ਉਸ ਨੂੰ ਫ਼ੀਲਡਿੰਗ ਤੋਂ ਬਾਹਰ ਜਾਣਾ ਪਿਆ।

ਵਾਰਨਰ ਨੇ ਮਿਚੇਲ ਮਾਰਸ਼ ਦੇ ਨਾਲ ਮਿਲ ਕੇ 259 ਦੌੜਾਂ ਦੀ ਰੀਕਾਰਡ ਸ਼ੁਰੂਆਤੀ ਸਾਂਝੇਦਾਰੀ ਕੀਤੀ ਸੀ ਅਤੇ ਦੋਵਾਂ ਬੱਲੇਬਾਜ਼ਾਂ ਨੇ ਸੈਂਕੜੇ ਬਣਾਏ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਬੈਂਗਲੁਰੂ ਵਿੱਚ ਆਸਟਰੇਲੀਆ ਦੀ 62 ਦੌੜਾਂ ਦੀ ਜਿੱਤ ਵਿੱਚ ‘ਮੈਨ ਆਫ ਦਿ ਮੈਚ’ ਦਾ ਖਿਤਾਬ ਜਿੱਤਣ ਤੋਂ ਪਹਿਲਾਂ ਸਨਸਨੀਖੇਜ਼ 163 ਦੌੜਾਂ ਬਣਾਈਆਂ, ਪਰ ਪਾਕਿਸਤਾਨ ਦੇ ਵਿਰੁਧ ਫ਼ੀਲਡਿੰਗ ਕਰਦਿਆਂ ਉਹ ਛੇਤੀ ਹੀ ਮੈਦਾਨ ਤੋਂ ਚਲਾ ਗਿਆ ਸੀ। ਉਸ ਦੀ ਥਾਂ ਸੀਨ ਐਬੋਟ ਨੂੰ ਮੈਦਾਨ ਵਿਚ ਉਤਾਰਿਆ ਗਿਆ, ਜਿਸ ਨੇ ਬਾਊਂਡਰੀ ’ਤੇ ਅਬਦੁੱਲਾ ਦਾ ਕੈਚ ਛੱਡ ਦਿੱਤਾ ਸੀ। ਮੈਚ ਤੋਂ ਬਾਅਦ ਬੋਲਦਿਆਂ, ਵਾਰਨਰ ਨੇ ਕਿਹਾ ਕਿ ਉਸ ਨੂੰ “ਸਿਰਫ ਮਾਸਪੇਸ਼ੀਆਂ ’ਚ ਅਕੜਾਅ” ਸੀ। ਉਸ ਨੇ ਕਿਹਾ, ‘‘ਥੋੜਾ ਜਿਹਾ ਦਰਦ ਹੋ ਰਿਹਾ ਹੈ, ਪਰ ਇਸ ਸਮੇਂ ਇਹ ਸਿਰਫ ਮਾਸਪੇਸ਼ੀਆਂ ਦਾ ਅਕੜਾਅ ਹੀ ਹੈ।’’

ਆਸਟ੍ਰੇਲੀਆ ਦਾ ਨੀਦਰਲੈਂਡ ਵਿਰੁਧ ਅਗਲਾ ਮੈਚ ਚਾਰ ਦਿਨ ਬਾਅਦ ਹੈ। ਪਾਕਿਸਤਾਨ ’ਤੇ ਜਿੱਤ ਨਾਲ ਆਸਟ੍ਰੇਲੀਆ ਵਿਸ਼ਵ ਕੱਪ ਦੀ ਅੰਕ ਤਾਲਿਕਾ ’ਚ ਚੌਥੇ ਸਥਾਨ ’ਤੇ ਆ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ ਪਾਕਿਸਤਾਨ 368 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਪਾਕਿਸਤਾਨ ਦੀ ਪੂਰੀ ਟੀਮ 45.3 ਓਵਰਾਂ ’ਚ 305 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਆਸਟ੍ਰੇਲੀਆ ਵੱਲੋਂ ਐਡਮ ਜ਼ਾਂਪਾ ਨੇ ਸਭ ਤੋਂ ਵੱਧ 4 ਵਿਕੇਟਾਂ ਲਈਆਂ।

Leave a Comment