ਬੀਅਰ ਅਤੇ ਵਾਈਨ ’ਤੇ ਵੀ ਸਿਗਰੇਟ ਦੇ ਪੈਕਟਾਂ ਵਾਂਗ ਲੱਗਣਗੇ ਸਿਹਤ ਚੇਤਾਵਨੀ ਲੇਬਲ (Health Warning), ਜਾਣੋ ਕਿੰਨੇ ਲੋਕਾਂ ਨੇ ਦਿੱਤੀ ਹਮਾਇਤ

ਮੈਲਬਰਨ: ਫੈਡਰਲ ਸਰਕਾਰ ਨੇ ਅਲਕੋਹਲ ਉਤਪਾਦਾਂ ’ਤੇ ਸਿਹਤ ਚੇਤਾਵਨੀ ਲੇਬਲ ਲਗਾਉਣ ਦੇ ਸੰਕੇਤ ਦਿੱਤੇ ਹਨ। ਇਹ ਚੇਤਾਵਨੀ ਸਿਗਰੇਟ ਦੇ ਪੈਕੇਟਾਂ ’ਤੇ ਦਰਸਾਈ ਜਾਂਦੀ ਚੇਤਾਵਨੀ ਵਾਂਗ ਹੀ ਹੋਵੇਗੀ ਜੋ ਅਲਕੋਹਲ ਉਤਪਾਦਾਂ ਨਾਲ ਸੰਬੰਧਤ ਸੰਭਾਵੀ ਬਿਮਾਰੀਆਂ ਦੀਆਂ ਤਸਵੀਰਾਂ ਨੂੰ ਪ੍ਰਦਰਸ਼ਿਤ ਕਰਨਗੇ। ਇਹ ਕਦਮ 2021 ਅਤੇ 2022 ਦੇ ਵਿਚਕਾਰ ਆਸਟ੍ਰੇਲੀਆ ਵਿੱਚ ਅਲਕੋਹਲ ਕਾਰਨ ਹੋਣ ਵਾਲੀਆਂ ਮੌਤਾਂ ਦੀਆਂ ਦਰਾਂ ਵਿੱਚ ਲਗਭਗ 10 ਪ੍ਰਤੀਸ਼ਤ ਦੇ ਵਾਧੇ ਦੇ ਨਤੀਜੇ ਵੱਜੋਂ ਚੁਕਿਆ ਜਾ ਰਿਹਾ ਹੈ।

ਸਿਹਤ ਅਤੇ ਬਜ਼ੁਰਗ ਦੇਖਭਾਲ ਲਈ ਸਹਾਇਕ ਮੰਤਰੀ, ਗੇਡ ਕੇਅਰਨੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਸਿਹਤ ਵਿਭਾਗ ਤੋਂ ਸਲਾਹ ਮੰਗੀ ਹੈ। ਉਨ੍ਹਾਂ ਕਿਹਾ, ‘‘ਆਸਟਰੇਲੀਅਨ ਸਰਕਾਰ ਖਪਤਕਾਰਾਂ ਦੀ ਜਾਗਰੂਕਤਾ ਵਧਾਉਣ ਲਈ ਲੇਬਲਿੰਗ ਦੇ ਮਹੱਤਵ ਨੂੰ ਪਛਾਣਦੀ ਹੈ, ਅਤੇ ਸ਼ਰਾਬ ਨਾਲ ਸਬੰਧਤ ਨੁਕਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ’ਚ ਹੈ।’’

ਅਲਕੋਹਲ ਵਾਲੇ ਪਦਾਰਥਾਂ ਲਈ ਗਰਭ ਅਵਸਥਾ ਦੀਆਂ ਚੇਤਾਵਨੀਆਂ ਬਾਰੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਪਾਲਣਾ ਕਰਨ ਲਈ ਕੰਪਨੀਆਂ ਕੋਲ ਅਗਲੇ ਸਾਲ 1 ਫਰਵਰੀ ਤੱਕ ਦਾ ਸਮਾਂ ਹੈ। ਫਾਊਂਡੇਸ਼ਨ ਫਾਰ ਅਲਕੋਹਲ ਰਿਸਰਚ ਐਂਡ ਐਜੂਕੇਸ਼ਨ ਨੇ ਇੱਕ ਸਰਵੇਖਣ ’ਚ ਪਾਇਆ ਹੈ ਕਿ ਆਸਟ੍ਰੇਲੀਅਨਾਂ ਨੇ ਅਲਕੋਹਲ ਲਈ ਵਿਸਤ੍ਰਿਤ ਚੇਤਾਵਨੀ ਲੇਬਲਾਂ ਦੇ ਵਿਚਾਰ ਦਾ ‘ਬਹੁਤ ਜ਼ਿਆਦਾ’ ਸਮਰਥਨ ਕੀਤਾ। 1004 ਲੋਕਾਂ ਦੇ ਇੱਕ ਰਾਸ਼ਟਰੀ ਸਰਵੇਖਣ ਵਿੱਚ 78 ਪ੍ਰਤੀਸ਼ਤ ਨੇ ਉਪਾਅ ਦਾ ਸਮਰਥਨ ਕੀਤਾ, ਜਦੋਂ ਕਿ ਸਿਰਫ 10.5 ਪ੍ਰਤੀਸ਼ਤ ਨੇ ਕਿਹਾ ਕਿ ਉਹ ਅਲਕੋਹਲ ਬਾਰੇ ਸਿਹਤ ਚੇਤਾਵਨੀਆਂ ਨਹੀਂ ਚਾਹੁੰਦੇ ਸਨ ਅਤੇ 11.6 ਪ੍ਰਤੀਸ਼ਤ ਨਿਸ਼ਚਤ ਨਹੀਂ ਸਨ।

Leave a Comment