ਸਾਊਥ ਆਸਟ੍ਰੇਲੀਆ ਦੀਆਂ ਦੋ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਦਾ ਰਲੇਵਾਂ, ਮਿਆਰੀ ਸਿੱਖਿਆ ਲਈ ਬਣੇਗਾ ਨਵਾਂ ਟਿਕਾਣਾ

ਮੈਲਬਰਨ: ਸਾਊਥ ਆਸਟ੍ਰੇਲੀਆ ਦੀਆਂ ਦੋ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਦੇ ਰਲੇਵੇਂ ’ਤੇ ਸਟੇਟ ਦੇ ਪ੍ਰੀਮੀਅਰ ਦਸਤਖਤ ਕਰ ਦਿੱਤੇ ਹਨ। ਪ੍ਰੀਮੀਅਰ ਪੀਟਰ ਮਲੀਨੌਸਕਾਸ ਨੇ ਕਿਹਾ ਕਿ ਯੂਨੀਵਰਸਿਟੀ ਆਫ ਐਡੀਲੇਡ ਅਤੇ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦਾ ਰਲੇਵਾਂ ਘਰੇਲੂ ਵਿਦਿਆਰਥੀਆਂ ਲਈ ਦੇਸ਼ ਦਾ ਸਭ ਤੋਂ ਵੱਡਾ ਸਿੱਖਿਆ ਟਿਕਾਣਾ ਬਣੇਗਾ ਅਤੇ ਸਟੇਟ ’ਚ ਲੰਮੇ ਸਮੇਂ ਦੇ ਆਰਥਿਕ ਵਿਕਾਸ ਦਾ ਰਾਹ ਪੱਧਰਾ ਕਰੇਗਾ।

ਸਰਕਾਰ ਵੱਲੋਂ ਦੋ ਮੁੱਖ ਵਿਰੋਧੀ ਮੈਂਬਰਾਂ, ਕੋਨੀ ਬੋਨਾਰੋਸ ਅਤੇ ਸਾਰਾਹ ਗੇਮ, ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਰਲੇਵੇਂ ਨੂੰ ਯਕੀਨੀ ਬਣਾਇਆ ਗਿਆ। ਲੇਬਰ ਦੁਆਰਾ ਆਪਣੇ ਬਿੱਲ ਵਿੱਚ ਸੋਧ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਦੋਹਾਂ ਨੇ ਰਲੇਵੇਂ ਨੂੰ ਬਣਾਉਣ ਲਈ ਕਾਨੂੰਨ ਪਾਸ ਕਰਨ ਲਈ ਉਪਰਲੇ ਸਦਨ ਵਿੱਚ ਆਪਣੀਆਂ ਵੋਟਾਂ ਦਾ ਵਾਅਦਾ ਕੀਤਾ। ਸੋਧ ਅਨੁਸਾਰ ਸਰਕਾਰ ਪਹੁੰਚ ਤੋਂ ਵਾਂਝੇ ਅਤੇ ਖੇਤਰੀ ਵਿਦਿਆਰਥੀਆਂ ਦੀ ਬਿਹਤਰੀ ਲਈ ਨਵੀਂ ਯੂਨੀਵਰਸਿਟੀ ਲਈ 100 ਮਿਲੀਅਨ ਡਾਲਰ ਦੇ ਫੰਡ ਵਿੱਚ 20 ਮਿਲੀਅਨ ਡਾਲਰ ਹੋਰ ਜੋੜਨ ਲਈ ਵੀ ਸਹਿਮਤ ਹੋ ਗਈ ਹੈ।

ਮਲਿਨੌਸਕਾਸ ਨੇ ਕਿਹਾ ਕਿ ਨਵੀਂ ਐਡੀਲੇਡ ਯੂਨੀਵਰਸਿਟੀ ਦੱਖਣੀ ਆਸਟ੍ਰੇਲੀਆ ਦੇ ਨੌਜਵਾਨਾਂ ਨੂੰ ਉੱਚ ਮਿਆਰ  ਵਾਲੀ ਸਿੱਖਿਆ ਅਤੇ ਬਿਹਤਰ ਤਨਖ਼ਾਹ ਦੇ ਨਾਲ ਬਿਹਤਰ ਨੌਕਰੀਆਂ ਪ੍ਰਾਪਤ ਕਰਨ ਦੀ ਯੋਗਤਾ ਪ੍ਰਦਾਨ ਕਰੇਗੀ। ਇਹ ਉਮੀਦ ਕੀਤੀ ਜਾਂਦੀ ਹੈ ਕਿ ਮੈਗਾ-ਯੂਨੀਵਰਸਿਟੀ ਦੁਨੀਆ ਭਰ ਦੇ ਸਿਖਰਲੇ 100 ਸੰਸਥਾਵਾਂ ਵਿੱਚ ਸ਼ਾਮਲ ਹੋ ਜਾਵੇਗੀ, ਅਤੇ ਘਰੇਲੂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰੇਗੀ।

Leave a Comment