ਗਾਣੇ ਸੁਣਾਉਣ ਲਈ ਆ ਗਿਆ AI DJ, ਕੀ ਰੇਡੀਓ ਜੌਕੀ ਦੀ ਨੌਕਰੀ ਖ਼ਤਮ? ਜਾਣੋ ਕੀ ਕਹਿਣੈ ਜ਼ੇਵੀਅਰ ‘ਐਕਸ’ ਦਾ

ਮੈਲਬਰਨ: ਤਕਨੀਕੀ ਜਾਦੂਗਰ ਸਾਡੇ ਸਾਹਮਣੇ ਨਵੀਂ ਤੋਂ ਨਵੀਂ ਤਕਨਾਲੋਜੀ ਪੇਸ਼ ਕਰ ਰਹੇ ਹਨ। ਸਪੋਟੀਫਾਈ ਨੇ ਹਾਲ ਹੀ ਵਿੱਚ ਲੋਕਾਂ ਦੀ ਨਿਜੀ ਪਸੰਦ ਅਨੁਸਾਰ ਵਿਅਕਤੀਗਤ ਪਲੇਲਿਸਟਾਂ ਬਣਾਉਣ ਵਾਲਾ ਆਪਣਾ ਖੁਦ ਦਾ AI DJ ਲਾਂਚ ਕੀਤਾ ਹੈ ਜੋ ਤੁਹਾਡਾ ਮਨਪ੍ਰਚਾਵਾ ਕਰਨ ਲਈ ਤੁਹਾਡੇ ਨਾਲ ਤੁਹਾਡੇ ਮਨਪਸੰਦ ਦੇ ਸੰਗੀਤ ਬਾਰੇ ਗੱਲਾਂ ਵੀ ਕਰਦਾ ਹੈ। ਇਸ ਦੇ ਪਿੱਛੇ ਦੀ ਆਵਾਜ਼, ਜ਼ੇਵੀਅਰ ‘ਐਕਸ’ ਜੇਰਨੀਗਨ ਦੀ ਹੈ ਹਾਲਾਂਕਿ ਸਾਰਾ ਕੰਮ AI ਯਾਨੀਕਿ ਕੰਪਿਊਟਰ ਦੀ ਬੁੁੱਧੀ ਕਰਦੀ ਹੈ।

Spotify ਦਾ AI DJ ਅਗੱਸਤ ’ਚ ਆਸਟ੍ਰੇਲੀਆ ਵਿੱਚ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਗਿਆ ਸੀ ਜੋ ਪ੍ਰੀਮੀਅਮ ਗਾਹਕਾਂ ਨੂੰ ਮਨਪਸੰਦ ਸੰਗੀਤ ਲੱਭਣ ਅਤੇ ਆਨੰਦ ਲੈਣ ਦਾ ਇੱਕ ਵਿਲੱਖਣ ਅਤੇ ਗਤੀਸ਼ੀਲ ਤਰੀਕਾ ਪ੍ਰਦਾਨ ਕਰਦਾ ਹੈ। AI DJ ਤੁਹਾਡੀ ਪਸੰਦ ਅਨੁਸਾਰ ਪਲੇਲਿਸਟਾਂ ਤਿਆਰ ਕਰਦਾ ਹੈ। ਇਹ ਨਵੀਂ ਪਹੁੰਚ ਇੱਕ ਨਿੱਜੀ ਡੀ.ਜੇ. ਦੀ ਚੋਣ ਕਰਨ ਦੇ ਅਨੁਭਵ ਨੂੰ ਦੁਹਰਾਉਣ ਲਈ ਤਿਆਰ ਕੀਤੀ ਗਈ ਹੈ। ਗਾਹਕਾਂ ਕੋਲ ਸਪੋਟੀਫਾਈ ਦੇ ਸ਼ੁਰੂਆਤੀ ਵੌਇਸ ਮਾਡਲ, ਸਪੋਟੀਫਾਈ ਦੇ ਕਲਚਰਲ ਪਾਰਟਨਰਸ਼ਿਪ ਦੇ ਮੁਖੀ, ਜ਼ੇਵੀਅਰ ‘ਐਕਸ’ ਜੇਰਨੀਗਨ ਨੂੰ ਅੰਗਰੇਜ਼ੀ ਭਾਸ਼ਾ ਦੀ ਟਿੱਪਣੀ ਵਿੱਚ ਸੁਣਨ ਦਾ ਬਦਲ ਵੀ ਹੋਵੇਗਾ।

ਪਰ ਇਸ ਨਵੀਂ ਤਕਨਾਲੋਜੀ ਨਾਲ ਅਜਿਹੇ ਖ਼ਤਰੇ ਵੀ ਪੈਦਾ ਹੋ ਰਹੇ ਹਨ ਕਿ ਹੁਣ ‘ਰੇਡੀਓ ਜੌਕੀ’ ਦੀ ਨੌਕਰੀ ਹੀ ਖ਼ਤਮ ਹੋਣ ਵਾਲੀ ਹੈ। ਇਸ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਜ਼ੇਵੀਅਰ ‘ਐਕਸ’ ਨੇ ਕਿਹਾ ਹੈ ਕਿ ਸਪੌਟੀਫ਼ਾਈ ਲਈ AI ’ਚ ਇਨਸਾਨੀ ਇਨਪੁੱਟ ਨਾਲ ਹੀ ਕੰਮ ਬਹੁਤ ਵਧੀਆ ਹੁੰਦਾ ਹੈ। Spotify ਕੋਲ ਪੂਰੀ ਦੁਨੀਆਂ ’ਚ 200 ਐਡੀਟਰ ਹਨ ਜੋ ਹਰ Genre ’ਚ ਮੁਹਾਰਤ ਰੱਖਦੇ ਹਨ। ਉਨ੍ਹਾਂ ਕਿਹਾ, ‘‘ਇਸ ਲਈ ਸਾਡੇ ਲਈ ਇਹ ਅਜਿਹਾ ਜ਼ਰੀਆ ਹੈ ਜੋ ਸਾਨੂੰ ਬਿਹਤਰ ਬਣਾਉਂਦਾ ਹੈ, ਇਹ ਕਿਸੇ ਦਾ ਬਦਲ ਨਹੀਂ ਬਣ ਸਕਦਾ। ਮੈਨੂੰ ਲਗਦਾ ਹੈ ਕਿ ਸੰਗੀਤ ਅਤੇ ਤਕਨਾਲੋਜੀ ਹਮੇਸ਼ਾ ਨਾਲੋ-ਨਾਲ ਚੱਲੇ ਹਨ। ਜਦੋਂ ਵੀ ਕੋਈ ਨਵੀਂ ਤਕਨੀਕ ਆਉਂਦੀ ਹੈ ਤਾਂ ਲੋਕ ਡਰ ਜਾਂਦੇ ਹਨ। ਜਿਵੇਂ ਜਦੋਂ ਸੀ.ਡੀ. ਆਈ ਸੀ। ਹਿੱਪ-ਹੌਪ ਦਾ ਮਤਲਬ ਨਵੀਂ ਤਕਨਾਲੋਜੀ ਹੈ। ਬੌਬ ਡੀਲਨ ਨੂੰ ਜਦੋਂ ਇਲੈਕਟ੍ਰਿਕ ਉਪਕਰਨ ਵਿਖਾਏ ਗਏ ਤਾਂ ਉਹ ਡਰ ਗਏ ਸਨ। ਇਸ ਲਈ ਨਵੀਂ ਤਕਨਾਲੋਜੀ ਨੂੰ ਅਪਨਾਉਣਾ ਅਤੇ ਲੋਕਾਂ ਨਾਲ ਜੁੜਨ ਦੇ ਨਵੇਂ ਤਰੀਕੇ ਲੱਭਣਾ ਹੀ ਅੱਗੇ ਵਧਣ ਦਾ ਤਰੀਕਾ ਹੈ।’’

Leave a Comment