ਕੀ ਬੰਦ ਹੋ ਰਿਹਾ ਹੈ ਰਿਫ਼ਊਜ਼ੀ ਵੀਜ਼ਾ (ਪ੍ਰੋਟੈਕਸ਼ਨ ਵੀਜ਼ਾ – Protection Visa) ? – ਪੰਜਾਬ ਵਿੱਚ ਏਜੰਟਾਂ ਨੂੰ 18-18 ਲੱਖ ਰੁਪਏ ਦੇ ਕੇ ਆਸਟਰੇਲੀਆ ਆਉਣ ਵਾਲੇ ਰਹਿਣ ਸਾਵਧਾਨ !

ਪਿਛਲੇ ਹਫ਼ਤੇ ਸਰਕਾਰ ਦੇ ਨਵੇਂ ਐਲਾਨਾਂ ਨਾਲ ਘਮਸਾਨ ਮੱਚਿਆ ਪਿਆ ਹੈ।ਟਿੱਕ-ਟੌਕ ਵੀਡੀਓਜ਼ ਨੇ ਪ੍ਰੋਟੈਕਸ਼ਨ ਵੀਜ਼ੇ ਵਾਲਿਆਂ ਦੇ ਸਾਹ ਸੂਤੇ ਪਏ ਹਨ।ਇੰਜ ਲੱਗ ਰਿਹਾ ਹੈ ਜਿੱਦਾਂ ਪਰਲੋ ਆ ਗਈ ਹੋਵੇ ਅਤੇ ਰਾਤੋ-ਰਾਤ ਪ੍ਰੋਟੈਕਸ਼ਨ ਵੀਜ਼ੇ (Protection Visa) ਵਾਲੇ ਤਬਾਹ ਹੋਣ ਜਾ ਰਹੇ ਹੋਣ।

ਸਰਕਾਰ ਦੇ ਐਲਾਨਨਾਮੇ ਮੁਤਾਬਿਕ ਸਰਕਾਰ ਪ੍ਰੋਟੈਕਸ਼ਨ ਵੀਜ਼ਾ ਪ੍ਰਾਰਥੀਆਂ ਨਾਲ ਸਖ਼ਤੀ ਨਾਲ ਨਿਪਟਣ ਦੇ ਰੌਂਅ ਵਿੱਚ ਲੱਗਦੀ ਹੈ।ਪ੍ਰੋਟੈਕਸ਼ਨ ਵੀਜ਼ੇ ਨੂੰ ਆਮ ਤੌਰ ’ਤੇ ਆਸਟਰੇਲੀਆ ਵਿੱਚ ਰਹਿ ਕੇ ਕਮਾਈ ਕਰਨ, ਮੈਡੀਕੇਅਰ ਦੀ ਸਹੂਲਤ ਹਾਸਲ ਕਰਨ ਅਤੇ ਸਥਾਪਤ ਹੋਣ ਦੇ ਹੋਰ ਰਾਹ ਤਲਾਸ਼ ਕਰਨ ਲਈ ਗਾਡੀ ਰਾਹ ਵਾਂਗ ਵਰਤਿਆ ਜਾਂਦਾ ਰਿਹਾ ਹੈ।ਆਮ ਧਾਰਨਾ ਹੈ ਕਿ ਪ੍ਰੋਟੈਕਸ਼ਨ ਵੀਜ਼ਾ ਅਰਜ਼ੀ ਲਗਾ ਕੇ 5-7 ਸਾਲ ਦਾ ਸਮਾਂ ਆਸਟਰੇਲੀਆ ਵਿੱਚ ਕਮਾਈ ਕੀਤੀ ਜਾ ਸਕਦੀ ਹੈ।ਸਰਕਾਰ ਸਮਝਦੀ ਹੈ ਕਿ ਪ੍ਰੋਟੈਕਸ਼ਨ ਵੀਜ਼ੇ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਏਸ ਦੁਰਵਰਤੋਂ ਨੂੰ ਰੋਕਣ ਲਈ ਉਹ ਸੰਜੀਦਾ ਹੈ।

IVisaPoint

ਪਹਿਲੀ ਤਾਂ ਗੱਲ ਹੈ ਕਿ ਪ੍ਰੋਟੈਕਸ਼ਨ ਵੀਜ਼ਾ ਬੰਦ ਬਿਲਕੁਲ ਵੀ ਨਹੀਂ ਹੋ ਰਿਹਾ।ਆਸਟਰੇਲੀਆ ਦੀ ਅੰਤਰਰਾਸ਼ਟਰੀ ਸੰਧੀ ਮੁਤਾਬਿਕ ਜੇ ਕੋਈ ਵੀ ਆਸਟਰੇਲੀਆ ਆ ਕੇ ਪ੍ਰੋਟੈਕਸ਼ਨ ਵੀਜ਼ਾ ਦੀ ਅਰਜ਼ੀ ਦਿੰਦਾ ਹੈ ਤਾਂ ਆਸਟਰੇਲੀਆ ਨੂੰ ਉਸਦੀ ਗੱਲ ਸੁਣਨੀ ਪਵੇਗੀ।ਉਸ ਨੂੰ ਬਰਿਜ਼ਿੰਗ ਵੀਜ਼ਾ ਵੀ ਮਿਲੇਗਾ ਅਤੇ ਕਾਨੂੰਨ ਮੁਤਾਬਿਕ ਵਰਕ ਰਾਈਟਸ/ਮੈਡੀਕੇਅਰ ਆਦਿ ਦੀ ਸਹੂਲਤ ਵੀ ਮਿਲੇਗੀ।ਜੋ ਤਬਦੀਲੀ ਆ ਰਹੀ ਹੈ, ਉਹ ਏਹ ਹੈ ਕਿ ਜਿਹੜੀ ਅਰਜ਼ੀ ਪਹਿਲਾਂ 2-3 ਜਾਂ ਕਦੇ-ਕਦੇ 4 ਸਾਲਾਂ ਵਿੱਚ ਖੁੱਲ੍ਹਦੀ ਸੀ, ਉਸ ਲਈ ਸਰਕਾਰ ਪ੍ਰਬੰਧ ਕਰਨ ਜਾ ਰਹੀ ਹੈ ਕਿ ਜਿੰਨੀ ਜਲਦੀ ਹੋ ਸਕੇ ਉਹ ਅਰਜ਼ੀ ’ਤੇ ਸੁਣਵਾਈ ਕਰਕੇ ਅਰਜ਼ੀ ਦਾ ਨਿਪਟਾਰਾ ਕੀਤਾ ਜਾ ਸਕੇ ਅਤੇ ਜੇ ਪ੍ਰਾਰਥੀ ਕੋਲ ਦਾ ਪ੍ਰੋਟੈਕਸ਼ਨ ਦਾਅਵਾ ਖ਼ੋਖਲਾ ਹੈ ਤਾਂ ਉਸਦੀ ਅਰਜ਼ੀ ’ਤੇ ਤਤ-ਫ਼ਟ ਫ਼ੈਸਲਾ ਰੀਅਲ ਟਾਈਮ ਵਿੱਚ ਲੈ ਲਿਆ ਜਾਵੇਗਾ।ਏਸ ਵਾਸਤੇ ਸਰਕਾਰ 54 ਮਿਲੀਅਨ ਡਾਲਰ ਖ਼ਰਚ ਕੇ ਵੱਧ ਕੇਸ ਅਫ਼ਸਰ ਭਰਤੀ ਕਰੇਗੀ।

ਇਸੇ ਤਰ੍ਹਾਂ ਪ੍ਰੋਟੈਕਸ਼ਨ ਵੀਜ਼ਾ ਦੀ ਅਪੀਲ ਵਿੱਚ ਏ.ਏ.ਟੀ ਵਿੱਚ ਵਾਰੀ ੳੇਡੀਕਣ ਲਈ ਜੋ ਸਮਾਂ 2-3 ਸਾਲ ਮਿਲ ਜਾਂਦਾ ਸੀ, ਉਸ ਲਈ ਸਰਕਾਰ 58 ਮਿਲੀਅਨ ਡਾਲਰ ਖ਼ਰਚ ਕੇ ਨਵੇਂ ਮੈਂਬਰ ਭਰਤੀ ਕਰੇਗੀ ਤਾਂ ਜੋ ਅਜਿਹੇ ਕੇਸਾਂ ਦਾ ਨਿਪਟਾਰਾ ਜਲਦੀ ਹੋ ਸਕੇ।ਇਸੇ ਤਰ੍ਹਾਂ ਸਰਕਾਰ ਦੀ ਮਨਸ਼ਾ ਹੈ ਕਿ ਜੁਡੀਸ਼ੀਅਲ਼ ਕੋਰਟ ਵਿੱਚ ਵੀ ਨਵੇਂ ਜੱਜ ਭਰਤੀ ਕਰਕੇ ਅਜਿਹੇ ਕੇਸਾਂ ਦਾ ਓਥੋਂ ਵੀ ਨਿਪਟਾਰਾ ਜਲਦੀ ਕਰਵਾਇਆ ਜਾਵੇ।

ਸਰਕਾਰ ਦਾ ਇਰਾਦਾ ਉਸ ਲੂਪ-ਹੋਲ ਨੂੰ ਬੰਦ ਕਰਨ ਦਾ ਹੈ ਜਿਸ ਦੀ ਵਰਤੋਂ ਕਰਕੇ ਵਿਜ਼ਟਰ ਵੀਜ਼ੇ/ਸਟੂਡੈਂਟ ਵੀਜ਼ੇ ’ਤੇ ਆ ਕੇ ਲੋਕ 5-7 ਸਾਲ ਰਹਿਣ ਦਾ ਜੁਗਾੜ ਕਰ ਲੈਂਦੇ ਸਨ।ਜਿੱਦਾਂ ਸਰਕਾਰ ਸਖ਼ਤ ਹੋਈ ਫ਼ਿਰਦੀ ਹੈ ਏਸ ਹਿਸਾਬ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ 5-7 ਸਾਲ ਦੀ ਥਾਂ ਸ਼ਾਇਦ ਸਭ ਪਾਸਿਉਂ ਨਿਪਟਾਰਾ ਸਾਲ ਦੇ ਅੰਦਰ-ਅੰਦਰ ਹੀ ਹੋ ਜਾਇਆ ਕਰੇਗਾ।

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਏਜੰਟਾਂ ਨੇ ਵਿਜ਼ਟਰ ਵੀਜ਼ੇ ਦਾ 18-18 ਲੱਖ ਰੁਪਈਆ ਰੇਟ ਬੰਨ੍ਹਿਆ ਹੋਇਆ ਹੈ।ਪ੍ਰਾਰਥੀ ਨੂੰ ਉਹ ਏਹੀ ਕਹਿੰਦੇ ਨੇ ਕਿ ਜਾ ਕੇ ਪ੍ਰੋਟੈਕਸ਼ਨ ਵੀਜ਼ਾ ਲਗਾ ਲਓ ਅਤੇ ਤੁਸੀਂ 5-7 ਸਾਲਾਂ ਵਿੱਚ ਕਈ ਗੁਣਾਂ ਕਮਾਈ ਕਰ ਲੈਣੀ ਹੈ।ਜਿਹੜੇ ਏਸ ਭਰਮ ਵਿੱਚ 18-18 ਲੱਖ ਦੇਣ ਨੂੰ ਤਿਆਰ ਬੈਠੇ ਹਨ, ੳਨ੍ਹਾਂ ਨੂੰ ਚਾਹੀਦਾ ਹੈ ਕਿ ਆਪਣੇ ਪੈਸੇ ਵਾਪਸ ਕਰਵਾ ਲਓ।ਜਿੰਨ੍ਹਾਂ ਦੀਆਂ ਅਰਜ਼ੀਆਂ ਪਹਿਲਾਂ ਹੀ ਲੱਗੀਆਂ ਹੋਈਆਂ ਹਨ, ਉਨ੍ਹਾਂ ਨੂੰ ਏਨਾਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਨੂੰ ਆਪਣਾ ਫ਼ੈਸਲੇ ’ਤੇ ਅਮਲ ਕਰਨ ਲਈ ਕੁਝ ਸਮਾਂ ਤਾਂ ਲੱਗੇਗਾ।ਨਵੇਂ ਪ੍ਰਾਰਥੀਆਂ ਨੂੰ ਸੋਚ-ਸਮਝ ਕੇ ਏਹ ਵੀਜ਼ਾ ਲਗਾਉਣਾ ਚਾਹੀਦਾ ਹੈ।ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਪ੍ਰਭਜੋਤ ਸਿੰਘ ਸੰਧੂ
ਸਿਡਨੀ (ਆਸਟਰੇਲੀਆ)

Leave a Comment