ਮੈਲਬਰਨ : ਪੰਜਾਬੀ ਕਲਾਊਡ ਟੀਮ
-ਨਿਊਜ਼ੀਲੈਂਡ `ਚ ਮਾਈਗਰੈਂਟਸ (Migrants) ਵਾਸਤੇ ਵਰਕ ਵੀਜ਼ਾ ਸੌਖਾ ਹੋ ਜਾਣ ਪਿੱਛੋਂ ਉੱਥੇ ਪਹੁੰਚਣ ਵਾਲੇ ਮਾਈਗਰੈਂਟਸ ਦੀ ਗਿਣਤੀ ਦਾ ਨਵਾਂ ਰਿਕਾਰਡ ਬਣ ਗਿਆ ਹੈ। ਇਸ ਸਾਲ `ਚ ਇੱਕ ਲੱਖ 35 ਹਜ਼ਾਰ 600 ਮਾਈਗਰੈਂਟ ਵਰਕਰ ਇੰਡੀਆ ਅਤੇ ਹੋਰ ਦੇਸ਼ਾਂ ਤੋਂ ਨਿਊਜ਼ੀਲੈਂਡ ਪੁੱਜੇ ਹਨ। ਨੈੱਟ ਮਾਈਗਰੇਸ਼ਨ ਵੀ 96 ਹਜ਼ਾਰ ਦੇ ਰਿਕਾਰਡ ਅੰਕੜੇ ਤੱਕ ਪੁੱਜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਆ, ਫਿਲੀਪੀਨਜ, ਚਾਈਨਾ, ਸਾਊਥ ਅਫ਼ਰੀਕਾ ਅਤੇ ਫ਼ੀਜੀ ਤੋਂ ਇਸ ਸਾਲ ਜੁਲਾਈ ਮਹੀਨੇ ਤੱਕ ਇੱਕ ਸਾਲ ਵਿੱਚ ਇੱਕ ਲੱਖ 35 ਹਜ਼ਾਰ 600 ਮਾਈਗਰੈਂਟਸ ਪਹੁੰਚੇ ਸਨ। ਹਾਲਾਂਕਿ ਮਾਰਚ 2019 ਤੋਂ ਮਾਰਚ 2020 ਵਾਲੇ ਸਾਲ ਵਿੱਚ ਇਹ ਗਿਣਤੀ ਸਿਰਫ਼ 80 ਹਜ਼ਾਰ 400 ਸੀ। ਜਿਸ ਕਰਕੇ ਜੁਲਾਈ ਤੱਕ ਇਕ ਸਾਲ ਦੌਰਾਨ ਨੈੱਟ ਮਾਈਗਰੇਸ਼ਨ ਨੇ ਵੀ 96 ਹਜ਼ਾਰ ਦਾ ਅੰਕੜਾ ਪਾਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਸਟੈਟ ਐਨਜ਼ੈੱਡ ਪਾਪੂਲੇਸ਼ਨ ਇੰਡੀਕੇਟਰਜ ਮੈਨੇਜਰ ਟੈਹਸੀਨ ਇਸਲਾਮ ਅਨੁਸਾਰ ਨਿਊਜ਼ੀਲੈਂਡ ਵਿੱਚ ਬਾਹਰੋਂ ਆਉਣ ਵਾਲੇ ਹੋਰ ਦੇਸ਼ਾਂ ਦੇ ਸਿਟੀਜ਼ਨਜ ਦੀ ਗਿਣਤੀ ਵਧ ਕੇ ਨਵਾਂ ਰਿਕਾਰਡ ਬਣਾ ਰਹੀ ਹੈ।
ਇਸੇ ਤਰ੍ਹਾਂ ਆਕਲੈਡ ਸੇਵਿੰਗ ਬੈਂਕ ਦੇ ਸੀਨੀਅਰ ਇਕੋਨੋਮਿਸਟ ਮਾਰਕ ਸਮਿਥ ਦਾ ਵੀ ਕਹਿਣਾ ਹੈ ਕਿ ਵਰਕ ਵੀਜ਼ੇ `ਤੇ ਨਿਊਜ਼ੀਲੈਂਡ ਪਹੁੰਚਣ ਵਾਲੇ ਮਾਈਗਰੈਂਟਸ ਦੀ ਗਿਣਤੀ ਦਾ ਨਵਾਂ ਰਿਕਾਰਡ ਬਣ ਗਿਆ ਹੈ। ਜੋ ਅਗਲੇ ਸਮੇਂ ਦੌਰਾਨ ਵੀ ਇਸੇ ਤਰ੍ਹਾਂ ਬਰਕਰਾਰ ਰਹਿਣ ਦੀ ਸੰਭਾਵਨਾ ਹੈ।
ਉਧਰ, ਇਸ ਸਬੰਧੀ ਵੈਸਟਪੈਕ ਦੇ ਸੀਨੀਅਰ ਇਕੋਨੋਮਿਸਟ ਸਤੀਸ਼ ਰਣਛੋੜ ਦਾ ਕਹਿਣਾ ਹੈ ਕਿ ਮਾਈਗਰੈਂਟਸ ਦੇ ਵੱਡੀ ਗਿਣਤੀ `ਚ ਆਉਣ ਨਾਲ ਇੰਪੋਲੋਏਅਰਜ਼ ਵਾਸਤੇ ਸਟਾਫ਼ ਲੱਭਣਾ ਸੌਖਾ ਹੋ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਈਗਰੈਂਟਸ ਦੀ ਗਿਣਤੀ ਵਧਣ ਨਾਲ ਹਾਊਸਿੰਗ ਮਾਰਕੀਟ `ਤੇ ਵੀ ਅਸਰ ਪੈ ਰਿਹਾ ਹੈ।