ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ ਦੇ ਐਡੀਲੇਡ ਸ਼ਹਿਰ `ਚ ਅਫੋਡਏਬਲ ਭਾਵ ਕਫਾਇਤੀ ਦਰਾਂ (Affordable homes in Adelaide) `ਤੇ ਮਿਲਣ ਵਾਲੇ ਘਰਾਂ ਦੀ ਉਸਾਰੀ ਦਾ ਪ੍ਰਾਜੈਕਟ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ। ਸਟੇਟ ਸਰਕਾਰ ਅਨੁਸਾਰ ਇਸ ਵੇਲੇ ਅਜਿਹੇ ਘਰਾਂ ਦੀ ਕੀਮਤ 4 ਲੱਖ 17 ਹਜ਼ਾਰ ਡਾਲਰ ਤੋਂ ਲੈ ਕੇ 4 ਲੱਖ 87 ਹਜ਼ਾਰ ਡਾਲਰ ਤੱਕ ਹੈ। ਜਿਹੜੇ ਜੋੜਿਆਂ ਜਾਂ ਪਰਿਵਾਰਾਂ ਦੀ ਆਮਦਨ ਇੱਕ ਲੱਖ 30 ਤੱਕ ਹੋਵੇਗੀ ਜਾਂ ਕਿਸੇ ਇੱਕ ਵਿਅਕਤੀ ਦੀ ਆਮਦਨ ਇੱਕ ਲੱਖ ਡਾਲਰ ਹੋਵੇਗੀ, ਉਹ ਇਹ ਘਰ ਖ੍ਰੀਦਣ ਦੇ ਯੋਗ ਹੋਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਸਟੇਟ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਸਾਊਥ ਆਸਟਰੇਲੀਆ ਦੇ ਜਿਹੜੇ ਲੋਕ ਘੱਟ ਕੀਮਤ ਵਾਲੇ ਘਰ ਖ੍ਰੀਦਣਾ ਚਾਹੁੰਦੇ ਹਨ ਜਾਂ ਕਿਰਾਏ `ਤੇ ਲੈਣਾ ਚਾਹੁੰਦੇ ਹਨ,ਉਨ੍ਹਾਂ ਵਾਸਤੇ ਘਰਾਂ ਦੀ ਉਸਾਰੀ ਦਾ ਕੰਮ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ ਅਤੇ ਉਹ ਸਾਲ 2025 ਵਿੱਚ ਅਜਿਹੇ ਘਰ ਖ੍ਰੀਦ ਸਕਣਗੇ ਜਾਂ ਫਿਰ ਕਿਰਾਏ `ਤੇ ਲੈ ਸਕਣਗੇ।
ਚਰਚਿਲ ਅਤੇ ਰੀਜੈਸੀ ਰੋਡ (Churchill and Regency Roads) ਵਾਲੇ ਕੌਰਨਰ `ਤੇ 80 ਮਿਲੀਅਨ ਡਾਲਰ ਨਾਲ ਬਣਨ ਵਾਲੇ ਇਸ ਪ੍ਰਾਜੈਕਟ ਬਾਰੇ ਦੋ ਸਾਲ ਪਹਿਲਾਂ ਐਲਾਨ ਕੀਤਾ ਗਿਆ ਸੀ। ਜਿੱਥੇ ਬਣਨ ਵਾਲੇ 108 ਟਾਊਨ ਹਾਊਸਜ ਵਿੱਚੋਂ 27 ਘਰ ਅਫੋਡਏਬਲ ਕੀਮਤ `ਤੇ ਵੇਚੇ ਜਾਣਗੇ। ਜਦੋਂ ਕਿ 72 ਅਪਾਰਟਮੈਂਟ ਸ਼ਰਤਾਂ ਪੂਰੀਆਂ ਕਰਨ ਵਾਲੇ ਗਾਹਕਾਂ ਨੂੰ ਕਿਰਾਏ `ਤੇ ਦਿੱਤੇ ਜਾਣਗੇ, ਜਿਸਦਾ ਕਿਰਾਇਆ ਮਾਰਕੀਟ ਦੇ ਮੁਕਾਬਲੇ 75 ਪਰਸੈਂਟ ਤੋਂ ਵੀ ਘੱਟ ਹੋਵੇਗਾ।