ਮੈਲਬਰਨ : ਪੰਜਾਬੀ ਕਲਾਊਡ ਟੀਮ :
-ਇੱਥੋਂ ਦੇ ਇੱਕ ਨੌਜਵਾਨ ਜੋੜੇ ਦੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ 96 ਹਜ਼ਾਰ ਡਾਲਰ ਬੈਂਕ ਖਾਤੇ ਚੋਂ ਅਚਾਨਕ ਗਾਇਬ ਹੋ ਗਏ ਹਨ, ਜੋ ਉਨ੍ਹਾਂ ਨੇ ਆਪਣਾ ਘਰ ਖ੍ਰੀਦਣ ਲਈ ਹੌਲੀ-ਹੌਲੀ ਜੋੜ ਕੇ ਰੱਖੇ ਸਨ। ਉਨ੍ਹਾਂ ਆਪਣੇ ਵੱਲੋਂ ਸੈਟਲਮੈਂਟ ਤੋਂ ਬਾਅਦ ਇਹ ਰਕਮ ਟਰਾਂਸਫਰ ਕੀਤੀ ਸੀ ਪਰ ਰਕਮ ਕਿਸੇ ਵੀ ਖਾਤੇ `ਚ ਨਹੀਂ ਪਹੁੰਚੀ। ਸਗੋਂ ਬੈਂਕ ਆਖ ਰਹੀ ਹੈ ਕਿ ਉਨ੍ਹਾਂ ਦੇ ਖਾਤੇ ਸਿਰਫ਼ 75 ਸੈਂਟ ਹੀ ਹਨ। ਜੋੜੇ ਨੇ ਇਸ ਮਾਮਲੇ ਦੀ ਪੜਤਾਲ ਵਾਸਤੇ ਐਪਲੀਕੇਸ਼ਨ ਦੇ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਲੀ ਹੌਸਟਨ (Elli Houstan) ਅਤੇ ਟਰਾਏ ਮਰਫ਼ੀ (Trae Murphy) ਨਾਂ ਦੇ ਪਤੀ-ਪਤਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮਰੇ ਰਿਵਰ `ਤੇ ਆਪਣੇ ਸੁਪਨਿਆਂ ਦਾ ਘਰ ਖ੍ਰੀਦਣ ਲਈ ਕਾਫੀ ਰਕਮ ਜੋੜ ਕੇ ਕਾਮਨਵੈੱਲਥ ਬੈਂਕ (Commonwealth Bank)`ਚ ਰੱਖੀ ਸੀ। ਪਰ ਸੈਟਲਮੈਂਟ ਪ੍ਰਾਸੈੱਸ ਦੌਰਾਨ ਅਚਾਨਕ ਗਾਇਬ ਹੋ ਗਈ। ਜੋੜੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 96 ਹਜ਼ਾਰ ਡਾਲਰ ਦੀ ਰਕਮ ਕਾਮਨਵੈੱਲਥ ਬੈਂਕ ਤੋਂ ਬੈਂਕ ਆਫ਼ ਮੈਲਬਰਨ (Bank of Melbourne) ਵਿੱਚ 30 ਜੂਨ ਨੂੰ ਟਰਾਂਸਫਰ ਕੀਤੀ ਸੀ ਹਾਲਾਂਕਿ 4 ਜੁਲਾਈ ਨੂੰ ਵਾਪਸ (ਬਾਊਂਸਡ ਬੈਕ) ਹੋ ਗਈ। ਉਸੇ ਦਿਨ ਉਨ੍ਹਾਂ ਨੇ ਦੁਬਾਰਾ ਭੇਜਣ ਦੀ ਕੋਸਿ਼ਸ਼ ਕੀਤੀ ਸੀ ਪਰ 7 ਜੁਲਾਈ ਦੁਬਾਰਾ ਵਾਪਸ ਹੋ ਗਈ। 21 ਜੁਲਾਈ ਨੂੰ ਜੋੜੇ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ `ਚ ਕੋਈ ਰਕਮ ਨਹੀਂ ਹੈ।
ਉਨ੍ਹਾਂ ਨੇ ਕਾਮਨਵੈੱਲਥ ਬੈਂਕ ਜਾ ਕੇ ਪਤਾ ਕੀਤਾ ਅਤੇ ਬੈਂਕ ਵਾਲਿਆਂ ਨੇ ਦੱਸਿਆ ਕਿ 30 ਜੂਨ ਜਾਂ 4 ਜੁਲਾਈ ਨੂੰ ਕੋਈ ਵੀ ਟਰਾਂਸਫਰ ਨਹੀਂ ਹੋਈ। ਬੈਂਕ ਨੇ ਪੜਤਾਲ ਕੇ ਦੱਸਿਆ ਕਿ ਰਿਕਾਰਡ ਮੁਤਾਬਕ 30 ਜੂਨ, 4 ਜੁਲਾਈ ਅਤੇ 7 ਜੁਲਾਈ ਨੂੰ ਜੋੜੇ ਦੇ ਖਾਤੇ ਵਿੱਚ 75 ਸੈਂਟ ਸਨ। ਇਸ ਪਿੱਛੋਂ ਜੋੜਾ ਮਾਨਸਿਕ ਤੌਰ `ਤੇ ਪ੍ਰੇਸ਼ਾਨ ਹੈ ਕਿ ਆਖ਼ਰ ਅਜਿਹਾ ਭਾਣਾ ਕਿਵੇਂ ਵਾਪਰ ਗਿਆ ?
ਇਸ ਜੋੜੇ ਨੇ ਆਸਟਰੇਲੀਅਨ ਫਾਈਨੈਂਸ਼ੀਅਲ ਕੰਪਲੇਂਟਸ ਅਥਾਰਿਟੀ (Australian Financial Complaints Authority) ਕੋਲ ਸਿ਼ਕਾਇਤ ਕਰ ਦਿੱਤੀ ਹੈ। ਪਰ ਅਥਾਰਿਟੀ ਨੇ ਅਜੇ ਤੱਕ ਮੀਡੀਆ ਨੂੰ ਇਹ ਆਖ਼ ਕੇ ਕੋਈ ਸੂਚਨਾ ਨਹੀਂ ਦਿੱਤੀ ਕਿ ਮਾਮਲਾ ਜਾਂਚ ਅਧੀਨ ਹੈ, ਜਿਸਨੂੰ ਪ੍ਰਾਈਵੇਸੀ ਕਾਰਨਾਂ ਕਰਕੇ ਗੁਪਤ ਰੱਖਿਆ ਜਾਵੇਗਾ।