ਪੁਰਾਤਨ ਸਮੇਂ ਤੋਂ ਹੀ ਰੱਖੜੀ (Raakhi) ਨੂੰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੋ ਹਰ ਸਾਲ ਭੈਣਾਂ ਤੇ ਭਰਾਵਾਂ ਵੱਲੋਂ ਬਹੁਤ ਹੀ ਚਾਅ ਨਾਲ ਮਨਾਇਆ ਜਾਂਦਾ ਹੈ। ਜਿਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ `ਤੇ ਖੰਮਣੀ ਜਾਂ ਅੱਜਕੱਲ੍ਹ ਬਜ਼ਾਰ ਚੋਂਂ ਮਿਲਣ ਵਾਲੇ ਚਮਕਦਾਰ ਧਾਗੇ ਨੂੰ ਰੱਖੜੀ ਦੇ ਰੂਪ ਵਿੱਚ ਬੰਨ੍ਹਦੀਆਂ ਹਨ।
ਇਸ ਤਿਉਹਾਰ ਨੂੰ ਮਨਾਉਣ ਪਿੱਛੇ ਕਈ ਦੰਦ-ਕਥਾਵਾਂ ਪ੍ਰਚਲਿਤ ਹਨ। ਖਾਸ ਕਰਕੇ ਹਿੰਦੂ ਧਰਮ ਵਿੱਚ ਇਹ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜਿਸ ਦੌਰਾਨ ਸਮਝਿਆ ਜਾਂਦਾ ਹੈ ਕਿ ਜਦਂੋ ਭੈਣ ਆਪਣੇ ਭਰਾ ਦੇ ਗੁੱਟ `ਤੇ ਰੱਖੜੀ ਬੰਨ੍ਹਦੀ ਹੈ ਤਾਂ ਭਰਾ ਆਪਣੀ ਭੈਣ ਦੀ ਹਮੇਸ਼ਾ ਰੱਖਿਆ ਕਰਨ ਦਾ ਵਚਨ ਦੁਹਰਾਉਂਦਾ ਹੈ। ਕਈ ਸੂੁਬਿਆਂ ਵਿੱਚ ਜਦੋਂ ਭਰਾ ਜੰਗ ਲੜਨ ਜਾਂਦਾ ਹੈ ਤਾਂ ਉਸ ਵੇਲੇ ਵੀ ਭੈਣਾਂ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਉਸਨੂੰ ਆਪਣਾ ਆਸ਼ੀਰਵਾਦ ਦਿੰਦੀਆਂ ਹਨ ਅਤੇ ਉਸਦੀ ਜਿੱਤ ਅਤੇ ਸਲਾਮਤੀ ਲਈ ਦੁਆ ਕਰਦੀਆਂ ਹਨ।
ਸਿੱਖ ਧਰਮ `ਚ ਰੱਖੜੀ ਬੰਨ੍ਹਣ ਨੂੰ ਲੈ ਕੇ ਵੱਖ-ਵੱਖ ਵਿਚਾਰ ਚੱਲ ਰਹੇ ਹਨ। ਕਈ ਪ੍ਰਚਾਰਕ ਆਖ ਰਹੇ ਹਨ ਕਿ ਰੱਖੜੀ ਸਿਰਫ਼ ਹਿੰਦੂ ਧਰਮ ਦਾ ਤਿਉਹਾਰ ਹੈ ਅਤੇ ਸਿੱਖਾਂ ਦਾ ਇਸ ਨਾਲ ਕੋਈ ਲੈਣ-ਦੇਣ ਨਹੀਂ। ਪਰ ਪੰਜਾਬ ਦੇ ਇਤਿਹਾਸਕ ਕਸਬੇ ਬਾਬਾ ਬਕਾਲਾ ਵਿਖੇ ਹਰ ਸਾਲ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿੱਚ ‘ਰੱਖੜ-ਪੁੰਨਿਆ’ ਦਾ ਮੇਲਾ ਲੱਗਦਾ ਹੈ। ਜਿਸ ਵਿੱਚ ਸ਼ਰਧਾਲੂ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ।
ਖ਼ੈਰ ! ਇਸ ਰੱਖੜੀ ਤਿਉਹਾਰ ਦਾ ਕਿਸੇ ਧਰਮ ਨਾਲ ਸਬੰਧ ਹੋਵੇ ਜਾਂ ਨਾਂ, ਇਹ ਵੱਖਰਾ ਵਿਸ਼ਾ ਹੈ। ਪਰ ਇਸ ਤਿਉਹਾਰ ਨੂੰ ਪੰਜਾਬੀ ਲੋਕ ਵੀ ਧੂਮ-ਧਾਮ ਨਾਲ ਮਨਾਉਂਦੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰ ਹਮੇਸ਼ਾਂ ਹੀ ਖੁਸ਼ੀ ਦਾ ਪ੍ਰਤੀਕ ਹੁੰਦੇ ਹਨ, ਜਿਸਨੂੰ ਸਬੰਧਤ ਖਿੱਤੇ ਦੇ ਸਾਰੇ ਲੋਕਾਂ ਵੱਲੋਂ ਰਲਮਿਲ ਕੇ ਮਨਾਉਣਾ ਚਾਹੀਦਾ ਹੈ, ਕਿਉਂਕਿ ਇਸ ਤਿਉਹਾਰ ਨਾਲ ਭੈਣ-ਭਰਾਵਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਕਈ ਵਾਰ ਤਾਂ ਇਹ ਤਿਉਹਾਰ ਟੁੱਟ ਚੁੱਕੇ ਪਰਿਵਾਰਾਂ ਨੂੰ ਮੁੜ ਜੋੜਨ ਦਾ ਸਬੱਬ ਵੀ ਬਣਦਾ ਹੈ।
ਲੋਕ ਗੀਤਾਂ ਵਿੱਚ ਅਕਸਰ ਆਖਿਆ ਜਾਂਦਾ ਹੈ।
“ਟੁੱਟ ਕੇ ਨਾ ਬਹਿਜੀਂ ਵੀਰਨਾ, ਭੈਣਾਂ ਵਰਗਾ ਸਾਕ ਨਾ ਕੋਈ।”
ਅਜਿਹੇ ਆਲਮ ਵਿੱਚ ਰੱਖੜੀ ਹੀ ਅਜਿਹਾ ਸਬੱਬ ਹੈ, ਜਿਸ ਰਾਹੀਂ ਭੈਣਾਂ-ਭਰਾਵਾਂ ਦਾ ਰਿਸ਼ਤਾ ਲੱਖ ਕੁੜੱਤਣਾਂ ਦੇ ਬਾਵਜੂਦ ਮੁੜ ਮਿਠਾਸ ਭਰਿਆ ਬਣ ਜਾਂਦਾ ਹੈ।
ਪੇਸ਼ਕਸ਼ : ਪੰਜਾਬੀ ਕਲਾਊਡ ਟੀਮ
2 thoughts on “ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ ਰੱਖੜੀ ਤਿਉਹਾਰ (Raakhi) – 30-31 ਅਗਸਤ `ਤੇ ਵਿਸ਼ੇਸ਼”