ਮੈਲਬਰਨ : ਆਸਟ੍ਰੇਲੀਆ ਵਿੱਚ ਪੜ੍ਹਾਈ (Study in Australia) ਲਈ ਤਿਆਰ ਹੋ ਰਹੇ ਇੰਡੀਅਨ ਸਟੂਡੈਂਟਸ ਲਈ ਨਵਾਂ ਸਾਲ ਵੱਡੀ ਚੁਣੌਤੀ ਲੈ ਕੇ ਆਇਆ ਹੈ। ਜਨਵਰੀ 2026 ਵਿੱਚ ਇੰਡੀਅਨ ਕਰੰਸੀ ਆਸਟ੍ਰੇਲੀਅਨ ਡਾਲਰ ਦੇ ਮੁਕਾਬਲੇ ਕਰੀਬ 7.5% ਡਿੱਗ ਗਈ ਹੈ। ਇਸ ਕਾਰਨ ਟਿਊਸ਼ਨ ਫੀਸ, ਕਿਰਾਇਆ ਅਤੇ ਰਹਿਣ-ਸਹਿਣ ਦੇ ਖਰਚੇ ਰੁਪਏ ਵਿੱਚ ਕਾਫ਼ੀ ਵੱਧ ਗਏ ਹਨ। ਕਈ ਪਰਿਵਾਰ, ਜਿਨ੍ਹਾਂ ਨੇ ਮਹੀਨੇ ਪਹਿਲਾਂ ਹੀ ਬਜਟ ਬਣਾਇਆ ਸੀ, ਹੁਣ ਵੱਡੇ ਵਿੱਤੀ ਦਬਾਅ ਹੇਠ ਹਨ ਅਤੇ ਕੁਝ ਸਟੂਡੈਂਟਸ ਆਪਣੀਆਂ ਯੋਜਨਾਵਾਂ ਮੁਲਤਵੀ ਕਰਨ ਬਾਰੇ ਸੋਚ ਰਹੇ ਹਨ।
2025 ਵਿੱਚ ਵੀ ਰੁਪਏ ਨੇ ਤਿੰਨ ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਸੀ, ਜਿਸ ਦਾ ਕਾਰਨ ਵਿਦੇਸ਼ੀ ਨਿਵੇਸ਼ਕਾਂ ਵੱਲੋਂ 19 ਬਿਲੀਅਨ ਡਾਲਰ ਦੀ ਨਿਕਾਸੀ ਅਤੇ ਅਮਰੀਕਾ ਨਾਲ ਵਪਾਰ ਗੱਲਬਾਤਾਂ ਦਾ ਰੁਕਣਾ ਸੀ। ਆਸਟ੍ਰੇਲੀਅਨ ਡਾਲਰ ਮਜ਼ਬੂਤ ਰਹਿਣ ਦਾ ਕਾਰਨ ਇੱਥੋਂ ਦੇ ਕੋਲਾ ਅਤੇ ਲੋਹੇ ਦੀਆਂ ਕੀਮਤਾਂ ਅਤੇ ਕੇਂਦਰੀ ਬੈਂਕ ਦੀ ਸਖ਼ਤ ਨੀਤੀ ਹੈ।
ਦੂਜੇ ਪਾਸੇ, ਰੁਪਏ ਦੀ ਕੀਮਤ ’ਚ ਆ ਰਹੀ ਇਸ ਗਿਰਾਵਟ ਨਾਲ ਜਿੱਥੇ ਸਟੂਡੈਂਟਸ ਅਤੇ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ, ਉੱਥੇ ਭਾਰਤੀ ਐਕਸਪੋਰਟਰਸ ਨੂੰ ਆਸਟ੍ਰੇਲੀਆ ਨਾਲ ਨਵੇਂ ਵਪਾਰ ਸਮਝੌਤੇ ਕਾਰਨ ਲਾਭ ਮਿਲ ਰਿਹਾ ਹੈ। ਟੈਰਿਫ਼ ਪਹਿਲਾਂ ਹੀ ਸਿਫ਼ਰ ਹੋਣ ਕਾਰਨ ਉਨ੍ਹਾਂ ਦੀ ਆਪਣੇ ਸਾਮਾਨ ਦੀ ਵੱਧ ਕੀਮਤ ਵੀ ਮਿਲ ਰਹੀ ਹੈ।





