Human Rights in Australia: ਆਸਟ੍ਰੇਲੀਆ ਨੂੰ ਮਨੁੱਖੀ ਅਧਿਕਾਰਾਂ ਬਾਰੇ ਬਿਹਤਰ ਕੰਮ ਕਰਨ ਦੀ ਜ਼ਰੂਰਤ : ਸੰਯੁਕਤ ਰਾਸ਼ਟਰ

ਮੈਲਬਰਨ : ਸੰਯੁਕਤ ਰਾਸ਼ਟਰ ਨੇ ਆਸਟ੍ਰੇਲੀਆ ਨੂੰ ਮਨੁੱਖੀ ਅਧਿਕਾਰਾਂ (Human Rights in Australia) ਦੇ ਮਾਮਲੇ ਵਿੱਚ ਹੋਰ ਬਿਹਤਰ ਕੰਮ ਕਰਨ ਲਈ ਕਿਹਾ ਹੈ। ਯੂ.ਐਨ. ਦੀ ਹਿਊਮਨ ਰਾਈਟਸ ਕੌਂਸਲ ਦੀ ਸਮੀਖਿਆ ਦੌਰਾਨ ਕਈ ਦੇਸ਼ਾਂ ਨੇ ਆਸਟ੍ਰੇਲੀਆ ਨੂੰ ਬੱਚਿਆਂ ਅਤੇ ਮੂਲਵਾਸੀ ਲੋਕਾਂ ਨੂੰ ਜੇਲ੍ਹਾਂ ਤੋਂ ਬਚਾਉਣ, ਸ਼ਰਨਾਰਥੀਆਂ ਨਾਲ ਇਨਸਾਫ਼ ਕਰਨ ਅਤੇ ਜਲਵਾਯੂ ਪਰਿਵਰਤਨ ਵਿਰੁੱਧ ਹੋਰ ਕਦਮ ਚੁੱਕਣ ਦੀ ਅਪੀਲ ਕੀਤੀ। ਖ਼ਾਸ ਤੌਰ ‘ਤੇ ਮੂਲਵਾਸੀ ਬੱਚਿਆਂ ਦੀ ਜੇਲ੍ਹਾਂ ਵਿੱਚ ਵੱਧ ਰਹੀ ਗਿਣਤੀ ‘ਤੇ ਚਿੰਤਾ ਪ੍ਰਗਟ ਕੀਤੀ ਗਈ।

ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਦੇ ਪ੍ਰਧਾਨ Hugh de Kretser ਨੇ ਪ੍ਰਤੀਕਿਰਿਆ ’ਚ ਕਿਹਾ ਕਿ ਇੱਕ ਧਨਾਢ ਅਤੇ ਸਥਿਰ ਲੋਕਤੰਤਰ ਹੋਣ ਦੇ ਨਾਤੇ ਆਸਟ੍ਰੇਲੀਆ ਨੂੰ ਮਨੁੱਖੀ ਅਧਿਕਾਰਾਂ ਵਿੱਚ ਅਗਵਾਈ ਕਰਨੀ ਚਾਹੀਦੀ ਹੈ। ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਮੂਲਵਾਸੀ ਲੋਕਾਂ ਲਈ ਘਰ, ਸਿਹਤ ਅਤੇ ਨਿਆਂ ਪ੍ਰਣਾਲੀ ਵਿੱਚ ਸੁਧਾਰ ਲਿਆਏਗੀ। ਪੈਸਿਫਿਕ ਟਾਪੂ ਦੇਸ਼ਾਂ ਜਿਵੇਂ ਫਿਜੀ ਅਤੇ ਨਾਉਰੂ ਨੇ ਵੀ ਆਸਟ੍ਰੇਲੀਆ ਨੂੰ ਜਲਵਾਯੂ ਪਰਿਵਰਤਨ ਵਿਰੁੱਧ ਹੋਰ ਮਜ਼ਬੂਤ ਕਦਮ ਚੁੱਕਣ ਲਈ ਕਿਹਾ। ਇਹ ਰਿਪੋਰਟ ਸ਼ੁੱਕਰਵਾਰ ਨੂੰ ਅਧਿਕਾਰਕ ਤੌਰ ‘ਤੇ ਅਪਣਾਈ ਜਾਵੇਗੀ।