ਆਸਟ੍ਰੇਲੀਆ ਸਥਿਤ ਕ੍ਰਿਸਚਨ ਸਕੂਲ ਅਧਿਆਪਕਾਂ ਨੂੰ ਵਿਵਾਦਿਤ ਹਦਾਇਤਾਂ ਨੇ ਵਧਾਈ ਚਿੰਤਾ

ਮੈਲਬਰਨ : ਆਸਟ੍ਰੇਲੀਆ ਦੇ ਕੁਇਨਜ਼ਲੈਂਡ ਵਿੱਚ ਕ੍ਰਿਸਚਨ ਕਮਿਊਨਿਟੀ ਮਿਨਿਸਟ੍ਰੀਜ਼ (CCM) ਦੇ ਸਕੂਲਾਂ ਦੇ ਸਾਇੰਸ ਅਧਿਆਪਕਾਂ ਨੂੰ ਇੱਕ ਵਿਵਾਦਿਤ ਨਿਰਦੇਸ਼ ਮਿਲਿਆ ਹੈ। ਉਨ੍ਹਾਂ ਨੂੰ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਇਹ ਸਿਖਾਇਆ ਜਾਵੇ ਕਿ ਬਾਈਬਲ ’ਚ ਦਰਜ Noah ਦੀ ਕਹਾਣੀ ਬੱਚਿਆਂ ਨੂੰ ਪੜ੍ਹਾਈ ਜਾਵੇ ਅਤੇ ਇਸ ’ਚ ਦੱਸਿਆ ਜਾਵੇ ਕਿ ਉਸ ਵੱਲੋਂ ਬਣਾਈ ਕਿਸ਼ਤੀ ’ਤੇ ਸ਼ਾਕਾਹਾਰੀ ਬੇਬੀ ਡਾਇਨਾਸੋਰ ਵੀ ਸਵਾਰ ਕੀਤੇ ਗਏ ਸਨ। ਇਹ ਨਿਰਦੇਸ਼ ਇੱਕ ਕਾਨਫਰੰਸ ਦੌਰਾਨ ਦਿੱਤਾ ਗਿਆ, ਜਿਸ ਨੂੰ ਅਮਰੀਕਾ-ਆਧਾਰਿਤ ਧਾਰਮਿਕ ਗਰੁੱਪ “ਐਂਸਰਜ਼ ਇਨ ਜੈਨੇਸਿਸ” ਨੇ ਕਰਵਾਇਆ ਸੀ। ਕਾਨਫਰੰਸ ਵਿੱਚ “ਐਂਸਰਜ਼ ਇਨ ਜੈਨੇਸਿਸ” ਦੇ ਖੋਜ ਡਾਇਰੈਕਟਰ ਅਤੇ ਭੂ-ਵਿਗਿਆਨੀ Andrew Snelling ਨੇ ਦਾਅਵਾ ਕੀਤਾ ਕਿ ਰੇਡੀਓਮੈਟਰਿਕ ਡੇਟਿੰਗ ਤਕਨੀਕਾਂ ਗਲਤ ਹਨ ਅਤੇ ਹਿਮਾਲਿਆ ਪਰਬਤ ਬਾਈਬਲ ਦੀ ਕਹਾਣੀ ਅਨੁਸਾਰ ਆਏ ਮਹਾਨ ਹੜ੍ਹ ਨਾਲ ਬਣੇ।

ਹਾਲਾਂਕਿ ਇਸ ਨਿਰਦੇਸ਼ ਨੇ ਸਿੱਖਿਆ ਮੰਡਲ ਵਿੱਚ ਚਰਚਾ ਜਨਮ ਦਿੱਤਾ ਹੈ। ਵਿਗਿਆਨ ਅਧਿਆਪਕਾਂ ਦੇ ਸੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਕਾਸਵਾਦ (Evolution) ਬਾਰੇ ਪਾਠਕ੍ਰਮ ਅਨੁਸਾਰ ਸਿਖਾਉਣਾ ਲਾਜ਼ਮੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਧਾਰਮਿਕ ਧਾਰਨਾਵਾਂ ਨੂੰ ਵਿਗਿਆਨਕ ਸਬੂਤਾਂ ਦੇ ਵਿਰੁੱਧ ਪੇਸ਼ ਕਰਨਾ ਬੱਚਿਆਂ ਦੀ ਸਿੱਖਿਆ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ CCM ਪ੍ਰਬੰਧਨ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਅਨ ਸਿਲੇਬਸ ਦੀ ਪਾਲਣਾ ਕਰਦੇ ਹਨ, ਪਰ ਧਾਰਮਿਕ ਦ੍ਰਿਸ਼ਟੀਕੋਣ ਵੀ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹਨ।