ਆਸਟ੍ਰੇਲੀਆ ਦੇ 11 ਮਿਲੀਅਨ ਲੋਕਾਂ ਜਿੰਨੀ ਦੌਲਤ ਦੇਸ਼ ਦੇ ਸਿਰਫ਼ 48 ਅਰਬਪਤੀਆਂ ਦੇ ਹੱਥ

ਮੈਲਬਰਨ : ਆਕਸਫ਼ੈਮ ਦੀ ਨਵੀਂ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੇ 48 ਅਰਬਪਤੀ ਹੁਣ ਦੇਸ਼ ਦੀ ਹੇਠਲੀ 40 ਫ਼ੀਸਦੀ ਆਬਾਦੀ ਤੋਂ ਵੱਧ ਦੌਲਤ ਦੇ ਮਾਲਕ ਹਨ। ਰਿਪੋਰਟ ਦੱਸਦੀ ਹੈ ਕਿ ਅਰਬਪਤੀਆਂ ਦੀ ਦੌਲਤ ਹਰ ਰੋਜ਼ ਲਗਭਗ 600,000 ਡਾਲਰ ਵਧ ਰਹੀ ਹੈ। ਰਿਪੋਰਟ ਅਨੁਸਾਰ ਆਸਟ੍ਰੇਲੀਆ ਦੇ 11 ਮਿਲੀਅਨ ਲੋਕਾਂ ਜਿੰਨੀ ਦੌਲਤ ਦੇਸ਼ ਦੇ ਸਿਰਫ਼ 48 ਅਰਬਪਤੀਆਂ ਦੇ ਹੱਥ ਹੈ। ਇਨ੍ਹਾਂ 11 ਮਿਲੀਅਨ ਲੋਕਾਂ ’ਚੋਂ 3.7 ਮਿਲੀਅਨ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ।

ਹਾਲਾਂਕਿ ਇਹ ਵਿਸ਼ਵ ਪੱਧਰ ’ਤੇ ਚਲ ਰਹੇ ਰੁਝਾਨਾਂ ਵਾਂਗ ਹੀ ਹੈ ਜਿੱਥੇ 3,000 ਤੋਂ ਵੱਧ ਅਰਬਪਤੀ ਮਿਲ ਕੇ 27.7 ਟ੍ਰਿਲੀਅਨ ਡਾਲਰ ਦੀ ਦੌਲਤ ਰੱਖਦੇ ਹਨ। ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਵਧਦੀ ਨਾਬਰਾਬਰੀ ਲੋਕਤੰਤਰ ’ਤੇ ਭਰੋਸੇ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਟੈਕਸ ਚੋਰੀ ਦੇ ਕੇਸ ਵਧ ਰਹੇ ਹਨ।

ਆਕਸਫ਼ੈਮ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਸਭ ਤੋਂ ਅਮੀਰ 0.5 ਫ਼ੀਸਦੀ ਘਰਾਂ ’ਤੇ ਨੈੱਟ ਵੈਲਥ ਟੈਕਸ ਲਗਾਇਆ ਜਾਵੇ। ਇਸ ਤੋਂ ਇਲਾਵਾ, ਨੈਗੇਟਿਵ ਗੀਅਰਿੰਗ ਅਤੇ ਕੈਪਿਟਲ ਗੇਨ ਟੈਕਸ ਛੋਟ ਨੂੰ ਖਤਮ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ। ਰਿਪੋਰਟ ਅਨੁਸਾਰ, ਜੇ ਪਿਛਲੇ ਸਾਲ ਅਰਬਪਤੀਆਂ ’ਤੇ 5 ਫ਼ੀਸਦੀ ਟੈਕਸ ਲਗਾਇਆ ਜਾਂਦਾ, ਤਾਂ 17.4 ਬਿਲੀਅਨ ਡਾਲਰ ਇਕੱਠੇ ਹੋ ਸਕਦੇ ਸਨ, ਜੋ ਯੂਨੀਵਰਸਲ ਚਾਈਲਡਕੇਅਰ, ਬਿਜਲੀ ਬਿੱਲ ਰਾਹਤ ਅਤੇ ਮਨੁੱਖੀ ਸਹਾਇਤਾ ਲਈ ਵਰਤੇ ਜਾ ਸਕਦੇ ਸਨ।