ਆਸਟ੍ਰੇਲੀਆ ਦੇ ਧਾਰਮਕ ਆਗੂਆਂ ਨੇ ਅਜੇ ਨਫ਼ਰਤ ਵਿਰੋਧੀ ਕਾਨੂੰਨਾਂ ਪਾਸ ਕਰਨ ਤੋਂ ਰੋਕਣ ਦੀ ਅਪੀਲ ਕੀਤੀ

ਮੈਲਬਰਨ : ਆਸਟ੍ਰੇਲੀਅਨ ਸਰਕਾਰ ਦੇ ਨਫ਼ਰਤ ਫੈਲਾਉਣ ਵਿਰੁਧ ਕਾਨੂੰਨ ਸੁਧਾਰਾਂ ਦਾ ਵਿਰੋਧੀ ਪਾਰਟੀਆਂ ਤੋਂ ਬਾਅਦ ਦੇਸ਼ ਭਰ ਦੇ ਧਾਰਮਿਕ ਆਗੂਆਂ ਅਤੇ ਵਿਦਵਾਨਾਂ ਵੱਲੋਂ ਵੀ ਵੱਡਾ ਵਿਰੋਧ ਵੇਖਣ ਨੂੰ ਮਿਲਿਆ ਹੈ। ਅੱਜ ਆਸਟ੍ਰੇਲੀਆ ਦੇ ਵੱਖ-ਵੱਖ ਧਰਮਾਂ ਦੇ ਪ੍ਰਮੁੱਖ ਆਗੂਆਂ ਨੇ ਪ੍ਰਧਾਨ ਮੰਤਰੀ Anthony Albanese ਨੂੰ ਚਿੱਠੀ ਲਿਖ ਕੇ ਸਰਕਾਰ ਦੇ ਨਵੇਂ ਨਫ਼ਰਤ ਕਾਨੂੰਨਾਂ ਨੂੰ ਅਜੇ ਪਾਸ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਹੈ। ਚਿੱਠੀ ਉਤੇ ਦਸਤਖ਼ਤ ਕਰਨ ਵਾਲਿਆਂ ’ਚ Catholic, Anglican, Orthodox, Sikh, Buddhist, Maronite, Baptist, ਅਤੇ Presbyterian ਪ੍ਰਤੀਨਿਧੀ ਸ਼ਾਮਲ ਹਨ।

ਇਹ ਕਾਨੂੰਨ Bondi Beach ਅੱਤਵਾਦੀ ਹਮਲੇ ਤੋਂ ਬਾਅਦ ਲਿਆਂਦਾ ਜਾ ਰਿਹਾ ਹੈ, ਜਿਸ ਵਿੱਚ ਨਸਲੀ ਨਫ਼ਰਤ ਨੂੰ ਉਕਸਾਉਣ ਜਾਂ ਪ੍ਰਚਾਰ ਕਰਨ ਨੂੰ ਅਪਰਾਧ ਬਣਾਉਣ ਦੀ ਗੱਲ ਹੈ। ਹਾਲਾਂਕਿ ਧਾਰਮਿਕ ਆਗੂਆਂ ਨੂੰ ਡਰ ਹੈ ਕਿ ਇਸ ਨਾਲ ਧਰਮ ਦੀ ਆਜ਼ਾਦੀ ਅਤੇ ਬੋਲਣ ਦੀ ਆਜ਼ਾਦੀ ਪ੍ਰਭਾਵਿਤ ਹੋ ਸਕਦੀ ਹੈ। ਉਧਰ ਕਾਨੂੰਨੀ ਵਿਦਵਾਨਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਇਹ ਸੁਧਾਰ ਬੋਲਣ ਦੀ ਆਜ਼ਾਦੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਸਰਕਾਰ ਨੇ ਕਾਨੂੰਨ ਦੇ ਇਸ ਪੈਕੇਜ ਵਿੱਚ ਹੋਰ ਕਦਮ ਵੀ ਸ਼ਾਮਲ ਕੀਤੇ ਹਨ, ਜਿਵੇਂ ਕਿ ਹਥਿਆਰਾਂ ਦੀ ਖਰੀਦ-ਵਾਪਸੀ, ਪਿਛੋਕੜ ਜਾਂਚਾਂ ਨੂੰ ਮਜ਼ਬੂਤ ਕਰਨਾ, ਵੀਜ਼ਾ ਰੱਦ ਕਰਨ ਦੇ ਅਧਿਕਾਰ ਵਧਾਉਣਾ ਅਤੇ ਨਫ਼ਰਤੀ ਗਰੁੱਪਾਂ ਨੂੰ ਬੈਨ ਕਰਨਾ। ਵਿਰੋਧੀ ਪਾਰਟੀਆਂ—ਕੋਅਲੀਸ਼ਨ ਅਤੇ ਗ੍ਰੀਨਜ਼—ਇਸ ਬਿੱਲ ਦਾ ਵਿਰੋਧ ਕਰ ਰਹੀਆਂ ਹਨ, ਜਦਕਿ ਕੁਝ ਯਹੂਦੀ ਸੰਸਥਾਵਾਂ ਇਸਨੂੰ ਸਮਰਥਨ ਦੇ ਰਹੀਆਂ ਹਨ ਪਰ ਪ੍ਰਕਿਰਿਆ ’ਤੇ ਚਿੰਤਾ ਜ਼ਾਹਰ ਕਰ ਰਹੀਆਂ ਹਨ।