ਸੋਕੇ ਨਾਲ ਜੂਝ ਰਹੇ ਆਸਟ੍ਰੇਲੀਆ ਦੇ ਕਿਸਾਨਾਂ ਨੇ ਆਧੁਨਿਕ ਖੇਤੀ ਤਕਨੀਕਾਂ ਨਾਲ ਬਚਾਈ ਪਾਣੀ ਦੀ ਇਕ-ਇਕ ਬੂੰਦ

ਮੈਲਬਰਨ : ਨਿਊ ਸਾਊਥ ਵੇਲਜ਼ ਦੇ ਸਾਊਥ ’ਚ ਅਨਾਜ ਉਗਾਉਣ ਵਾਲੇ ਕਿਸਾਨਾਂ ਨੂੰ 2025 ਵਿੱਚ ਭਾਰੀ ਸੋਕੇ ਨਾਲ ਜੂਝਣਾ ਪਿਆ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਧੁਨਿਕ ਖੇਤੀ ਤਕਨੀਕਾਂ ਨਾਲ ਪਾਣੀ ਦੀ ਇਕ-ਇਕ ਬੂੰਦ ਬਚਾ ਕੇ ਫ਼ਸਲਾਂ ਪੈਦਾ ਕੀਤੀਆਂ। ਭਾਵੇਂ ਪੈਦਾਵਾਰ ਔਸਤ ਤੋਂ ਘੱਟ ਰਹੀ।

ABC ਦੀ ਇੱਕ ਰਿਪੋਰਟ ਅਨੁਸਾਰ ਇਸ ਇਲਾਕੇ ਵਿੱਚ ਆਮ ਤੌਰ ’ਤੇ 450 ਮਿਲੀਮੀਟਰ ਮੀਂਹ ਪੈਂਦਾ ਹੁੰਦੀ ਹੈ, ਪਰ ਇਸ ਵਾਰ ਸਿਰਫ਼ 200 ਮਿਲੀਮੀਟਰ ਹੀ ਪਿਆ। ਖੇਤੀ ਦੇ ਸੀਜ਼ਨ ਦੌਰਾਨ ਕੁਝ ਇਲਾਕਿਆਂ ਵਿੱਚ ਸਿਰਫ਼ 90 ਮਿਲੀਮੀਟਰ ਮੀਂਹ ਪਿਆ, ਜਿਸ ਨਾਲ ਪੈਦਾਵਾਰ ਬਹੁਤ ਘੱਟ ਰਹੀ।

ਪਰ ਕਿਸਾਨਾਂ ਨੇ ਇਸ ਸੰਕਟ ਨਾਲ ਨਜਿੱਠਣ ਲਈ ਨਵੀਆਂ ਤਕਨੀਕਾਂ ਅਪਣਾਈਆਂ। Matthew Molloy ਨਾਂ ਦੇ ਕਿਸਾਨ ਨੇ Griffith ਦੇ ਨੌਰਥ-ਈਸਟ ’ਚ ਸਥਿਤ ਆਪਣੀ Rankins Springs ਸਥਿਤ 7000 ਹੈਕਟੇਅਰ ਜ਼ਮੀਲ ’ਤੇ ਕਨੌਲਾ, ਕਣਕ ਅਤੇ ਜੌਂ ਵਰਗੀਆਂ ਫਸਲਾਂ ਬੀਜੀਆਂ।

ਘੱਟ ਡੂੰਘੀ ਜੁਤਾਈ (minimum tillage) ਨਾਲ ਮਿੱਟੀ ਦੀ ਬਣਤਰ ਸੁਧਰੀ ਅਤੇ ਪਾਣੀ ਸੰਭਾਲਿਆ ਗਿਆ। ਸਟਬਲ ਸੰਭਾਲ (stubble conservation) ਨਾਲ ਮਿੱਟੀ ’ਤੇ ਫਸਲਾਂ ਦੇ ਬਚੇ ਹੋਏ ਅੰਸ਼ ਛੱਡ ਕੇ ਵੀ ਨਮੀ ਬਚਾਈ ਗਈ।

ਨਵੀਂ ਟੈਕਨਾਲੋਜੀ ਵੀ ਮਦਦਗਾਰ ਸਾਬਤ ਹੋਈ। ਰੋਬੋਟਿਕ ਵੀਡ-ਸਪ੍ਰੇਅਰਾਂ ਨਾਲ ਘਾਹ-ਫੂਸ ਘਟਾਇਆ ਗਿਆ ਤਾਂ ਜੋ ਮੀਂਹ ਦਾ ਲਾਭ ਸਿਰਫ਼ ਫਸਲਾਂ ਨੂੰ ਮਿਲੇ। ਸੋਇਲ ਮੋਇਸਚਰ ਪ੍ਰੋਬਜ਼ ਨਾਲ ਇਹ ਫੈਸਲਾ ਲੈਣਾ ਆਸਾਨ ਹੋਇਆ ਕਿ ਕਿਹੜੇ ਖੇਤਰਾਂ ਵਿੱਚ ਬੀਜਾਈ ਕਰਨੀ ਹੈ ਅਤੇ ਕਿਹੜੇ ਖਾਲੀ ਛੱਡਣੇ ਹਨ।

Brent Alexander ਵਰਗੇ ਕਿਸਾਨਾਂ ਨੇ ਸਟ੍ਰਿਪਰ ਫਰੰਟ ਵਾਲੀਆਂ ਮਸ਼ੀਨਾਂ ਵਿੱਚ ਨਿਵੇਸ਼ ਕੀਤਾ, ਜੋ ਲੰਬਾ ਸਟਬਲ ਛੱਡਦੀਆਂ ਹਨ ਅਤੇ ਮਿੱਟੀ ਨੂੰ ਛਾਂ ਪ੍ਰਦਾਨ ਕਰਦੀਆਂ ਹਨ। ਫਸਲਾਂ ਦੀ ਰੋਟੇਸ਼ਨ, ਖ਼ਾਸ ਕਰ ਕੇ ਦਾਲਾਂ ਦੀ ਬੀਜਾਈ, ਨਾਲ ਪੈਦਾਵਾਰ ਦੁੱਗਣੀ ਹੋਈ।

ਹਾਲਾਂਕਿ ਇਹ ਸਭ ਨਵੀਨਤਾ ਕਾਰਗਰ ਰਹੀ, ਪਰ ਪੈਦਾਵਾਰ ਫਿਰ ਵੀ ਔਸਤ ਤੋਂ ਘੱਟ ਹੈ। ਕਿਸਾਨਾਂ ਨੂੰ ਲੱਗਦਾ ਹੈ ਕਿ ਕੁਝ ਵੀ ਕੱਟਣਾ “ਖੁਸ਼ਕਿਸਮਤੀ” ਹੈ। ਮੌਸਮ ਵਿਭਾਗ ਨੇ 2026 ਦੀ ਸਰਦੀ ਦੀ ਬੀਜਾਈ ਲਈ ਵੀ ਘੱਟ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਚੁਣੌਤੀਆਂ ਜਾਰੀ ਰਹਿਣਗੀਆਂ।