ਆਸਟ੍ਰੇਲੀਅਨ ਟਰੱਕਿੰਗ ਉਦਯੋਗ ’ਚ ਨਸਲਵਾਦ ਭਾਰੂ, ਇੰਡੀਅਨ ਮੂਲ ਦੇ ਕਈ ਡਰਾਈਵਰ ਛੱਡ ਰਹੇ ਕੰਮ

ਮੈਲਬਰਨ : ਆਸਟ੍ਰੇਲੀਆ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਹੈ, ਜਿਸ ਨੂੰ ਇੰਡੀਅਨ ਮਾਈਗਰੈਂਟ ਪੂਰਾ ਕਰ ਰਹੇ ਹਨ, ਪਰ ਉਨ੍ਹਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ABC ਦੀ ਇੱਕ ਰਿਪੋਰਟ ਅਨੁਸਾਰ ਆਸਟ੍ਰੇਲੀਆ ਦੇ ਰੋਡ ਫਰੇਟ ਉਦਯੋਗ ਵਿੱਚ ਇੰਡੀਅਨ ਮਾਈਗਰੈਂਟ ਟਰੱਕ ਡਰਾਈਵਰਾਂ ਖ਼ਿਲਾਫ਼ ਨਸਲਵਾਦੀ ਹਮਲੇ ਤੇ ਵਿਤਕਰਾ ਵਧਦਾ ਜਾ ਰਿਹਾ ਹੈ।

ਜਸਵਿੰਦਰ ਬੋਪਾਰਾਈ, ਜੋ ਆਪਣਾ ਛੋਟਾ ਟਰੱਕ ਬਿਜ਼ਨਸ ਚਲਾਉਂਦੇ ਹਨ, ਯਾਦ ਕਰਦੇ ਹਨ ਕਿ ਇੱਕ ਵਾਰ ਜਦੋਂ ਉਹ ਪੰਜਾਬੀ ਵਿੱਚ ਫੋਨ ‘ਤੇ ਗੱਲ ਕਰਨ ਕਾਰਨ ਉਨ੍ਹਾਂ ‘ਤੇ ਥੁੱਕਿਆ ਗਿਆ। ਨਰਿੰਦਰ ਸਿੰਘ ਨੂੰ currymuncher ਕਿਹਾ ਗਿਆ ਅਤੇ ਉਸ ਦੀ ਪੱਗ ਦਾ ਮਜ਼ਾਕ ਬਣਾਇਆ ਗਿਆ। ਉਹ ਦੱਸਦੇ ਹਨ ਕਿ ਛੋਟੀਆਂ ਗਲਤੀਆਂ ਲਈ ਮਾਈਗਰੈਂਟ ਡਰਾਈਵਰਾਂ ਨੂੰ ਬੇਹੱਦ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਆਉਣ ਮਗਰੋਂ ਅੱਠ ਮਹੀਨਿਆਂ ਅੰਦਰ ਹੀ ਉਨ੍ਹਾਂ ਨੇ ਡਰਾਈਵਿੰਗ ਛੱਡ ਦਿੱਤੀ।

ਪਿੱਪਲ ਸਿੰਘ ਨੇ CB ਰੇਡੀਓ ‘ਤੇ ਆਪਣੀ ਕਮਿਊਨਿਟੀ ਖ਼ਿਲਾਫ਼ ਮੌਤ ਦੀਆਂ ਧਮਕੀਆਂ ਵੀ ਸੁਣੀਆਂ ਹਨ। ਇਹ ਹਾਲਾਤ ਡਰਾਈਵਰਾਂ ਨੂੰ ਰੇਡੀਓ ਵਰਤਣ ਤੋਂ ਰੋਕਦੇ ਹਨ, ਜਦੋਂ ਕਿ ਇਹ ਸੁਰੱਖਿਆ ਜਾਣਕਾਰੀ ਸਾਂਝੀ ਕਰਨ ਲਈ ਬਣਾਇਆ ਗਿਆ ਸੀ। ਨਸਲਵਾਦ ਕਾਰਨ ਡਰਾਈਵਰਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਪ੍ਰਭਾਵਿਤ ਹੁੰਦੀ ਹੈ ਅਤੇ ਸੜਕ ਸੁਰੱਖਿਆ ਵੀ ਖ਼ਤਰੇ ਵਿੱਚ ਪੈਂਦੀ ਹੈ।

ਰਿਪੋਰਟਾਂ ਦੱਸਦੀਆਂ ਹਨ ਕਿ ਇਸ ਨਸਲਵਾਦ ਵਿਰੁਧ ਸ਼ਿਕਾਇਤਾਂ ਘੱਟ ਹਨ ਕਿਉਂਕਿ ਦੋਸ਼ੀਆਂ ਦੀ ਪਛਾਣ ਮੁਸ਼ਕਲ ਹੈ ਅਤੇ ਡਰਾਈਵਰਾਂ ਨੂੰ ਅਧਿਕਾਰੀਆਂ ‘ਤੇ ਭਰੋਸਾ ਨਹੀਂ। ਵੱਖ-ਵੱਖ ਰੈਗੂਲੇਟਰੀ ਏਜੰਸੀਆਂ ਸਮੱਸਿਆ ਨੂੰ ਇਕੱਠੇ ਹੱਲ ਨਹੀਂ ਕਰ ਰਹੀਆਂ। ਡਰਾਈਵਰਾਂ ਦੀ ਮੰਗ ਹੈ ਕਿ ਸਖ਼ਤ ਲਾਇਸੈਂਸਿੰਗ, ਵਧੀਆ ਟ੍ਰੇਨਿੰਗ ਅਤੇ ਨਸਲਵਾਦ ਖ਼ਿਲਾਫ਼ ਸਿਸਟਮਿਕ ਕਾਰਵਾਈ ਕਰਨ ਦੀ ਜ਼ਰੂਰਤ ਹੈ।