ਵਿਵਾਦ ’ਚ ਫਸਿਆ Adelaide Writers’ Week ਪ੍ਰੋਗਰਾਮ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ’ਚ 28 ਫ਼ਰਵਰੀ ਤੋਂ ਹੋਣ ਜਾ ਰਿਹਾ Adelaide Writers’ Week ਵਿਵਾਦਾਂ ’ਚ ਫੱਸ ਗਿਆ ਹੈ। ਪ੍ਰੋਗਰਾਮ ਤੋਂ ਫ਼ਲਸਤੀਨੀ-ਆਸਟ੍ਰੇਲੀਅਨ ਲੇਖਿਕਾ Randa Abdel-Fattah ਨੂੰ ਹਟਾਉਣ ਦੇ ਫੈਸਲੇ ਨੇ ਵੱਡਾ ਵਿਵਾਦ ਖੜ੍ਹਾ ਕੀਤਾ ਹੈ। ਬੋਰਡ ਨੇ ਕਿਹਾ ਕਿ ਉਸ ਦੀਆਂ ਲਿਖਤਾਂ ਦਾ Bondi Beach ਹਮਲੇ ਨਾਲ ਕੋਈ ਸੰਬੰਧ ਨਹੀਂ, ਪਰ ਉਸ ਦੇ ਪਿਛਲੇ ਬਿਆਨਾਂ ਕਾਰਨ ਉਸ ਦੀ ਸ਼ਮੂਲੀਅਤ “ਸੱਭਿਆਚਾਰਕ ਤੌਰ ’ਤੇ ਅਸੰਵੇਦਨਸ਼ੀਲ” ਲੱਗੀ। ਇਸ ਫੈਸਲੇ ਦੇ ਵਿਰੋਧ ਵਿੱਚ Zadie Smith, Percival Everett, Hannah Kent, Jane Caro, Amy McQuire, Peter FitzSimons ਸਮੇਤ ਦਰਜਨਾਂ ਲੇਖਕਾਂ ਨੇ ਪ੍ਰੋਗਰਾਮ ਤੋਂ ਹਟਣ ਦਾ ਐਲਾਨ ਕਰ ਦਿੱਤਾ ਹੈ। ਕਈ ਲੇਖਕਾਂ ਨੇ ਲੋਕਾਂ ਨੂੰ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਕਈਆਂ ਨੇ ਇਸ ਨੂੰ ਖ਼ਤਰਨਾਕ ਸੈਂਸਰਸ਼ਿਪ ਅਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਕਿਹਾ। Abdel-Fattah ਨੇ ਇਸ ਨੂੰ “ਫਲਸਤੀਨੀ ਵਿਰੋਧੀ ਨਸਲਵਾਦ ਅਤੇ ਸੈਂਸਰਸ਼ਿਪ” ਕਰਾਰ ਦਿੱਤਾ ਅਤੇ ਕਿਹਾ ਕਿ ਉਸ ਦੀ ਪਛਾਣ ਨੂੰ ਹੀ ਅਸੁਰੱਖਿਅਤ ਦਿਖਾਇਆ ਜਾ ਰਿਹਾ ਹੈ। ਦੂਜੇ ਪਾਸੇ, ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ Peter Malinauskas ਨੇ ਬੋਰਡ ਦੇ ਫੈਸਲੇ ਦਾ ਸਮਰਥਨ ਕੀਤਾ। ਇਸ ਘਟਨਾ ਨੇ ਤਿਉਹਾਰ ਦੇ ਪ੍ਰੋਗਰਾਮ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ ਅਤੇ ਸਮਾਜਿਕ ਸਹਿਯੋਗ ਬਣਾਈ ਰੱਖਣ ਲਈ ਨਵੀਂ ਕਮੇਟੀ ਬਣਾਈ ਗਈ ਹੈ।