ਸ਼ਿਮਲਾ ਫ਼ਰਜ਼ੀ ਡਿਗਰੀ ਕੇਸ : ਆਸਟ੍ਰੇਲੀਆ ਰਹਿ ਰਹੇ ਮੁਲਜ਼ਮਾਂ ਨੂੰ ਇੰਡੀਆ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼

ਮੈਲਬਰਨ : ਇੰਡੀਆ ਦੇ ਹਿਮਾਚਲ ਪ੍ਰਦੇਸ਼ ਸਟੇਟ ਦੀ ਰਾਜਧਾਨੀ ਸ਼ਿਮਲਾ ਦੇ ਫਰਜ਼ੀ ਡਿਗਰੀ ਮਾਮਲੇ ਨੇ ਰਾਜਨੀਤਿਕ ਅਤੇ ਸਮਾਜਿਕ ਪੱਧਰ ‘ਤੇ ਵੱਡਾ ਹੰਗਾਮਾ ਖੜ੍ਹਾ ਕੀਤਾ ਹੈ। ਇਸ ਕੇਸ ਵਿੱਚ ਦੋ ਮੁਲਜ਼ਮ, ਅਸ਼ੋਨੀ ਕੰਵਰ ਅਤੇ ਮਨਦੀਪ ਰਾਣਾ (ਮਾਂ-ਬੇਟਾ) ਆਸਟ੍ਰੇਲੀਆ ਵਿੱਚ ਰਹਿ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਦੀ ਕਾਰਵਾਈ ਤੇਜ਼ ਕਰਨ ਦੀ ਯੋਜਨਾ ਬਣ ਰਹੀ ਹੈ। ਦੋਹਾਂ ਨੂੰ ਆਰਥਕ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਭਗੌੜਾ ਆਰਥਕ ਅਪਰਾਧੀ ਐਲਾਨ ਹੋਣ ਦਾ ਦਰਜਾ ਇਹ ਸਾਬਤ ਕਰਦਾ ਹੈ ਕਿ ਦੋਵੇਂ ਮੁਲਜ਼ਮ ਜਾਣਬੁਝ ਕੇ ਕਾਨੂੰਨ ਤੋਂ ਬਚ ਰਹੇ ਹਨ। ਇਸ ਨਾਲ ਹੁਣ ਵਿਦੇਸ਼ੀ ਅਦਾਲਤ ’ਚ ਪੂਰੀ ਮਜ਼ਬੂਤੀ ਨਾਲ ਪੱਖ ਰੱਖਿਆ ਜਾ ਸਕੇਗਾ। ਨਾਲ ਹੀ ਮੁਲਜ਼ਮਾਂ ਉੱਤੇ ਆਰਥਕ ਅਤੇ ਕਾਨੂੰਨੀ ਦਬਾਅ ਵਧੇਗਾ ਅਤੇ ਉਨ੍ਹਾਂ ਦੀਆਂ ਇੰਟਰਨੈਸ਼ਨਲ ਗਤੀਵਿਧੀਆਂ ਸੀਮਤ ਹੋ ਜਾਣਗੀਆਂ।

ਈ.ਡੀ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਰਾਜ ਕੁਮਾਰ ਰਾਣਾ ਨੇ ਆਪਣੀ ਪਤਨੀ ਅਸ਼ੋਨੀ ਕੰਵਰ ਅਤੇ ਪੁੱਤਰ ਮਨਦੀਪ ਰਾਣਾ ਸਮੇਤ ਹੋਰ ਸਹਿ-ਮੁਲਜ਼ਮਾਂ ਦੀ ਮਦਦ ਨਾਲ ਏਜੰਟਾਂ ਅਤੇ ਵਿਦਿਆਰਥੀਆਂ ਤੋਂ ਪੈਸੇ ਲੈ ਕੇ ਫ਼ਰਜ਼ੀ ਡਿਗਰੀਆਂ ਵੇਚੀਆਂ। ਇਹ ਫ਼ਰਜ਼ੀ ਡਿਗਰੀਆਂ ਮਾਨਵ ਭਾਰਤੀ ਯੂਨੀਵਰਸਿਟੀ ਸੋਲਨ ਦੇ ਨਾਂ ’ਤੇ ਵੇਚੀਆਂ ਗਈਆਂ। ਇਨ੍ਹਾਂ ਤੋਂ ਪ੍ਰਾਪਤ ਰਕਮ 387 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਰਜ਼ੀ ਡਿਗਰੀਆਂ ਦੇ ਜ਼ਰੀਏ ਨੌਕਰੀਆਂ ਅਤੇ ਹੋਰ ਲਾਭ ਹਾਸਲ ਕਰਨ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਹੋਣੀ ਲਾਜ਼ਮੀ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਧੋਖਾਧੜੀ ਨੂੰ ਰੋਕਿਆ ਜਾ ਸਕੇ। ਫ਼ਰਜ਼ੀ ਡਿਗਰੀਆਂ ਇੰਡੀਆ ਦੇ 17 ਸਟੇਟਾਂ ’ਚ ਵੇਚੀਆਂ ਗਈਆਂ ਅਜਿਹੇ ’ਚ ਮੁਲਜ਼ਮਾਂ ਨੂੰ ਭਾਰਤ ਲਿਆ ਕੇ ਕਾਨੂੰਨ ਦੇ ਕਟਹਿਰੇ ’ਚ ਖੜ੍ਹਾ ਕਰਨ ਲਈ ਏਜੰਸੀਆਂ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।