ਪੰਜਾਬ ਪੁਲਿਸ ਵੱਲੋਂ ਆਪਣੇ ਖ਼ਿਲਾਫ਼ ਪਰਚਾ ਦਰਜ ਕੀਤੇ ਜਾਣ ਮਗਰੋਂ NRI ਦੀਪ ਮਾਂਗਲੀ ਰੱਖਿਆ ਆਪਣਾ ਪੱਖ
ਮੈਲਬਰਨ : ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਵੱਲੋਂ 12 ਦਸੰਬਰ ਨੂੰ ਇੱਕ FIR ਦਰਜ ਕੀਤੀ ਗਈ ਜਿਸ ਵਿੱਚ 10 ਲੋਕਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚ RTI ਕਾਰਕੁਨ ਮਾਣਕ ਗੋਇਲ, ਪੱਤਰਕਾਰ ਮਿੰਟੂ ਗੁਰੂਸਰੀਆ, ਮਨਿੰਦਰਜੀਤ ਸਿੱਧੂ, ਗਗਨ ਰਾਮਗੜੀਆ, ਹਰਮਨ ਫਾਰਮਰ, ਮਨਦੀਪ ਮੱਕੜ, ਗੁਰਲਾਲ ਮਾਨ, ਨਿਸ਼ੂ ਧਾਲੀਵਾਲ, ਅਰਜਨ ਅਤੇ ਨਿਊਜ਼ੀਲੈਂਡ ਰਹਿਣ ਵਾਲੇ ਦੀਪ ਮਾਂਗਲੀ ਸ਼ਾਮਲ ਹਨ। ਇਹ ਪਰਚਾ ਮੁੱਖ ਮੰਤਰੀ ਭਗਵੰਤ ਮਾਨ ਦੇ ਜਪਾਨ ਅਤੇ ਦੱਖਣ ਕੋਰੀਆ ਦੌਰੇ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਸੋਸ਼ਲ ਮੀਡੀਆ ’ਤੇ ਪੋਸਟਾਂ ਸ਼ੇਅਰ ਕਰਨ ਕਾਰਨ ਕੀਤਾ ਗਿਆ।
ਇਸ ਬਾਰੇ Sea7 Australia ਨਾਲ ਗੱਲਬਾਤ ਕਰਦਿਆਂ ਦੀਪ ਮਾਂਗਲੀ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤਾਂ ਸਿਰਫ਼ ਇੱਕ ਖ਼ਬਰ ਸਾਂਝੀ ਕੀਤੀ ਸੀ, ਕੋਈ ਨਵੀਂ ਜਾਣਕਾਰੀ ਨਹੀਂ ਦਿੱਤੀ। ਉਹ ਮੰਨਦੇ ਹਨ ਕਿ ਇਹ ਕਾਰਵਾਈ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਡਰਾਉਣ ਲਈ ਕੀਤੀ ਗਈ ਹੈ ਤਾਂ ਜੋ ਉਹ ਪੰਜਾਬ ਦੇ ਹੱਕਾਂ ਬਾਰੇ ਗੱਲ ਨਾ ਕਰਨ। ਉਹ ਕਹਿੰਦੇ ਹਨ ਕਿ ਲੋਕਤੰਤਰ ਵਿੱਚ ਸਵਾਲ ਪੁੱਛਣਾ ਅਤੇ ਆਵਾਜ਼ ਬੁਲੰਦ ਕਰਨਾ ਹੱਕ ਹੈ, ਪਰ ਹੁਣ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ NRIs ਨੇ ਪੰਜਾਬ ਵਿੱਚ ਬਦਲਾਅ ਲਈ ਬਹੁਤ ਯੋਗਦਾਨ ਪਾਇਆ ਸੀ, ਪਰ ਹੁਣ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਾਂਗਲੀ ਨੇ ਅਪੀਲ ਕੀਤੀ ਕਿ ਪੰਜਾਬੀਆਂ ਲਈ ਡਰ ਦਾ ਮਾਹੌਲ ਨਾ ਬਣਾਇਆ ਜਾਵੇ ਅਤੇ ਲੋਕਾਂ ਨੂੰ ਖੁੱਲ੍ਹੇ ਤੌਰ ’ਤੇ ਆਪਣੀ ਗੱਲ ਰੱਖਣ ਦੀ ਆਜ਼ਾਦੀ ਮਿਲੇ।





