ਮੈਲਬਰਨ : ਕੁਈਨਜ਼ਲੈਂਡ ਦੇ ਨੌਰਥ ਵਿੱਚ ਤੂਫ਼ਾਨੀ ਮੌਨਸੂਨ ਦੇ ਸਰਗਰਮ ਰਹਿਣ ਕਾਰਨ ਭਾਰੀ ਮੀਂਹ ਤੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਨਵੇਂ ਸਾਲ ਦੇ ਪਹਿਲੇ ਹੀ ਦਿਨ Townsville ਤੋਂ Bowen ਤੱਕ ਦੇ ਤਟਵਰਤੀ ਇਲਾਕਿਆਂ ਵਿੱਚ 100 ਤੋਂ 200 ਮਿਲੀਮੀਟਰ ਤੱਕ ਮੀਂਹ ਪੈ ਰਿਹਾ ਹੈ, ਜਦਕਿ ਕਈ ਥਾਵਾਂ ’ਤੇ ਇਸ ਤੋਂ ਵੀ ਵੱਧ ਮਾਤਰਾ ਦਰਜ ਕੀਤੀ ਗਈ ਹੈ। Cairns ਤੱਕ ਦੇ ਇਲਾਕੇ ਪ੍ਰਭਾਵਿਤ ਹਨ। ਮੌਸਮ ਡਿਪਾਰਟਮੈਂਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਵੇਂ ਸਮੇਂ ਨਾਲ ਮੀਂਹ ਕੁਝ ਘੱਟ ਹੋਵੇਗਾ, ਪਰ ਭਾਰੀ ਛਰਾਟਿਆਂ ਨਾਲ ਫਲੈਸ਼ ਫਲੱਡਿੰਗ ਦਾ ਖਤਰਾ ਬਰਕਰਾਰ ਹੈ।
ਬੀਤੇ ਦਿਨ Normanton ਵਿੱਚ ਇੱਕ ਵਿਅਕਤੀ ਦੀ ਕਾਰ ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। Leichhardt ਦਰਿਆ ਦਾ ਪਾਣੀ 16.25 ਮੀਟਰ ਤੱਕ ਚੜ੍ਹ ਗਿਆ ਹੈ, ਜਿਸ ਨਾਲ ਵੱਡੇ ਪੱਧਰ ’ਤੇ ਹੜ੍ਹ ਆਇਆ। ਕਈ ਦਰਿਆਵਾਂ ਜਿਵੇਂ Herbert, Bohle, Flinders, Nicholson, Leichhardt, Norman, Gilbert, Western ਅਤੇ Diamantina ਵਿੱਚ ਵੱਡੇ ਪੱਧਰ ’ਤੇ ਪਾਣੀ ਵਧ ਰਿਹਾ ਹੈ।
ਉੱਤਰੀ ਟ੍ਰਾਪਿਕਲ ਕੋਸਟ ’ਤੇ ਰਿਕਾਰਡ ਤੋੜ ਮੀਂਹ ਦਰਜ ਕੀਤਾ ਗਿਆ ਹੈ। Bingil ਖਾੜੀ ਵਿੱਚ ਚਾਰ ਦਿਨਾਂ ਵਿੱਚ 1114 ਮਿਲੀਮੀਟਰ, ਜਦਕਿ South Mission Beach ਅਤੇ Cowley ਬੀਚ ’ਤੇ 1050 ਮਿਲੀਮੀਟਰ ਤੋਂ ਵੱਧ ਮੀਂਹ ਪਿਆ। ਇਹ ਮਾਤਰਾ ਬ੍ਰਿਸਬੇਨ ਦੇ ਸਾਲਾਨਾ ਮੀਂਹ ਤੋਂ ਵੀ ਵੱਧ ਹੈ। ਸਰਕਾਰ ਨੇ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਦਾ ਐਲਾਨ ਕੀਤਾ ਹੈ। ਲੋਕਾਂ ਨੂੰ ਬਿਊਰੋ ਅਤੇ ਸਰਕਾਰੀ ਵੈਬਸਾਈਟਾਂ ’ਤੇ ਅਪਡੇਟ ਲੈਣ ਦੀ ਅਪੀਲ ਕੀਤੀ ਗਈ ਹੈ।





