ਕੁੜੀਆਂ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਵਾਲੇ ਐਡੀਲੇਡ ਦੇ ਮਨਵੀਰ ਸਿੰਘ ਨੇ ਮੰਗੀ ਮੁਆਫ਼ੀ, ਜੱਜ ਨੇ ਕਿਹਾ…

ਐਡੀਲੇਡ : ਕੁੜੀਆਂ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ’ਚ ਮਨਵੀਰ ਸਿੰਘ (26) ਮਸਾਂ ਜੇਲ੍ਹ ਦੀ ਸਜ਼ਾ ਤੋਂ ਬਚਿਆ ਹੈ। ਮਨਵੀਰ ਨੇ ਸਾਊਥ ਆਸਟ੍ਰੇਲੀਆ ਸਟੇਟ ਦੀ ਰਾਜਧਾਨੀ ਐਡੀਲੇਡ ਦੇ ਨਾਈਟ ਕਲੱਬ ਬਾਹਰੋਂ 2023 ’ਚ ਫ਼ਰਜ਼ੀ ਟੈਕਸੀ ਡਰਾਈਵਰ ਬਣ ਕੇ ਆਪਣੀ ਕਾਰ ਅੰਦਰ ਦੋ ਕੁੜੀਆਂ ਨੂੰ ਬਿਠਾਇਆ ਸੀ। ਨਸ਼ੇ ਦੀ ਹਾਲਤ ’ਚ ਕੁੜੀਆਂ ਦੀ ਹਰਕਤਾਂ ਨੂੰ ਗ਼ਲਤ ਸਮਝ ਕੇ ਉਸ ਨੇ ਇੱਕ ਕੁੜੀ ਤੋਂ ਸੈਕਸ ਦੀ ਮੰਗ ਕੀਤੀ ਸੀ। ਪਰ ਕੁੜੀ ਵੱਲੋਂ ਸਾਫ਼ ਇਨਕਾਰ ਕਰਨ ’ਤੇ ਉਹ ਮੁਸੀਬਤ ’ਚ ਫੱਸ ਗਿਆ।

ਜੱਜ ਸ਼ੈਮਰ ਨੇ ਮਨਵੀਰ ਸਿੰਘ (26) ਨੂੰ ਜੇਲ੍ਹ ਦੀ ਸਜ਼ਾ ਤੋਂ ਬਖਸ਼ਦੇ ਹੋਏ ਤਿੰਨ ਸਾਲ ਦੇ ‘ਗੁੱਡ ਬਿਹੇਵਿਅਰ ਬਾਂਡ’ ’ਤੇ ਰੱਖਿਆ ਹੈ। ਪਰ ਉਸ ਨੂੰ ਥੈਰਪੀ ਲੈਣ ਅਤੇ ਭਵਿੱਖ ਵਿੱਚ ਸਵਾਰੀਆਂ ਲਿਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਘਟਨਾ ਉਸ ਵੇਲੇ ਵਾਪਰੀ ਜਦੋਂ ਪੀੜਤਾ ਆਪਣੀ ਸਹੇਲੀ ਨਾਲ ਨਾਈਟਕਲੱਬ ਤੋਂ ਨਿਕਲੀ ਅਤੇ ਮਨਵੀਰ ਸਿੰਘ ਦੀ ਗੱਡੀ ਵਿੱਚ ਬੈਠੀ, ਉਦੋਂ ਮਨਵੀਰ ਸਿੰਘ ਨਾ ਤਾਂ ਟੈਕਸੀ ਡਰਾਈਵਰ ਸੀ ਤੇ ਨਾ ਹੀ ਰਾਈਡਸ਼ੇਅਰ ਡਰਾਈਵਰ, ਪਰ ਕੈਸ਼ ਲਈ ਗੈਰ-ਅਧਿਕਾਰਤ ਤੌਰ ’ਤੇ ਸਵਾਰੀਆਂ ਲੈ ਕੇ ਜਾ ਰਿਹਾ ਸੀ। ਦੋਸ਼ ਸਨ ਕਿ ਗੱਡੀ ਚਲਾਉਂਦੇ ਸਮੇਂ ਉਸ ਨੇ ਪੀੜਤਾ ਨਾਲ ਜ਼ਬਰਦਸਤੀ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ’ਤੇ ਕੁੜੀ ਨੇ ਵਿਰੋਧ ਕੀਤਾ ਅਤੇ ਵੀਡੀਓ ਵੀ ਬਣਾ ਲਈ। ਮਨਵੀਰ ਨੇ ਉਸ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਇੱਕ ਸਰਵਿਸ ਸਟੇਸ਼ਨ ’ਤੇ ਕਾਰ ਰੋਕ ਕੇ ਕਾਰ ਦੀ ਚਾਬੀ ਨਾਲ ਕੁੜੀ ਦੇ ਪੇਟ ’ਤੇ ਧੱਕਾ ਵੀ ਮਾਰਿਆ। CCTV ਰਾਹੀਂ ਉਸ ਦੀ ਪਛਾਣ ਹੋਈ ਅਤੇ ਗ੍ਰਿਫ਼ਤਾਰ ਕੀਤਾ ਗਿਆ। ਮਨਵੀਰ ਸਿੰਘ ਨੇ ਦੋਸ਼ ਕਬੂਲ ਕਰਦੇ ਹੋਏ ਕੁੜੀਆਂ ਤੋਂ ਚਿੱਠੀ ਲਿਖ ਕੇ ਮੁਆਫ਼ੀ ਮੰਗੀ।