ਮੈਲਬਰਨ : Bondi Beach ’ਤੇ 14 ਦਸੰਬਰ ਨੂੰ ਹੋਏ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਕਿਹਾ ਹੈ ਕਿ ਦੋਸ਼ੀ ਪਿਤਾ-ਪੁੱਤਰ ਸਾਜਿਦ ਅਤੇ ਨਵੀਦ ਅਕਰਮ ਨੇ ਫਿਲੀਪੀਨਜ਼ ਵਿੱਚ ਹੁੰਦਿਆਂ ਕਿਸੇ ਵੱਡੇ ਅੱਤਵਾਦੀ ਗਰੁੱਪ ਨਾਲ ਸੰਪਰਕ ਨਹੀਂ ਕੀਤਾ ਸੀ ਨਾ ਹੀ ਉਨ੍ਹਾਂ ਨੂੰ ਕੋਈ ਵਿਸ਼ੇਸ਼ ਸਿਖਲਾਈ ਮਿਲੀ ਸੀ। ਉਹ ਨਵੰਬਰ ਵਿੱਚ Davao ਸ਼ਹਿਰ ਗਏ ਸਨ।
ਅਜਿਹੀਆਂ ਖ਼ਬਰਾਂ ਸਨ ਕਿ ਦੋਵੇਂ ਫ਼ਿਲੀਪੀਨਜ਼ ’ਚ ਫ਼ੌਜੀ ਕਿਸਮ ਦੀ ਸਿਖਲਾਈ ਲੈਣ ਲਈ ਗਏ ਸਨ। ਪਰ CCTV ਫੁਟੇਜ ਦਿਖਾਉਂਦੀ ਹੈ ਕਿ ਉਹ ਜ਼ਿਆਦਾਤਰ ਹੋਟਲ ਵਿੱਚ ਹੀ ਰਹੇ। AFP ਕਮਿਸ਼ਨਰ Krissy Barrett ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਹਮਲਾ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਸੀ ਪਰ ਕਿਸੇ ਨੈੱਟਵਰਕ ਵੱਲੋਂ ਸਿੱਧੀ ਹਦਾਇਤ ਨਹੀਂ ਮਿਲੀ। ਸਾਜਿਦ ਹਮਲੇ ਦੌਰਾਨ ਮਾਰਿਆ ਗਿਆ ਜਦਕਿ ਨਵੀਦ ’ਤੇ 15 ਕਤਲਾਂ ਸਮੇਤ ਕਈ ਦੋਸ਼ ਲੱਗੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਹਿਣਾ ਇਹ ਵੀ ਨਹੀਂ ਹੈ ਕਿ ਦੋਵੇਂ ਉਥੇ ਘੁੰਮਣ-ਫਿਰਨ ਗਏ ਸਨ ਅਤੇ ਅਗਲੇਰੀ ਜਾਂਚ ਜਾਰੀ ਹੈ।





