ਮੈਲਬਰਨ : ਨਵਾਂ ਸਾਲ ਨੇੜੇ ਆ ਰਿਹਾ ਹੈ ਅਤੇ ਨਵੇਂ ਸਾਲ ਨਾਲ ਆਸਟ੍ਰੇਲੀਆ ’ਚ ਬਹੁਤ ਕੁੱਝ ਨਵਾਂ ਵੀ ਸ਼ੁਰੂ ਹੋਣ ਵਾਲਾ ਹੈ। 1 ਜਨਵਰੀ 2026 ਤੋਂ ਆਸਟ੍ਰੇਲੀਆ ਵਿੱਚ ਕੁੱਝ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ ਜੋ ਆਸਟ੍ਰੇਲੀਅਨ ਲੋਕਾਂ ਦੀ ਜ਼ਿੰਦਗੀ ’ਤੇ ਸਿੱਧਾ ਅਸਰ ਪਾਉਣਗੇ। ਕੁਝ ਰਾਹਤ ਦੇਣਗੇ (ਜਿਵੇਂ ਦਵਾਈਆਂ ਸਸਤੀਆਂ ਹੋਣਗੀਆਂ), ਤੇ ਕੁਝ ਵਾਧੂ ਖਰਚੇ ਲਿਆਉਣਗੇ (ਜਿਵੇਂ ਟੋਲ ਅਤੇ ਪਾਸਪੋਰਟ ਫੀਸ):
- ਸੈਂਟਰਲਿੰਕ ਭੁਗਤਾਨ ਵਧੇਗਾ: ਵੈਲਫ਼ੇਅਰ ਪੇਮੈਂਟ ਪ੍ਰਾਪਤ ਕਰਨ ਵਾਲੇ 1 ਮਿਲੀਅਨ ਆਸਟ੍ਰੇਲੀਅਨ ਲੋਕਾਂ ਲਈ ਨਵੇਂ ਸਾਲ ਤੋਂ ਭੁਗਤਾਨ ਵਧਣਗੇ। ਹਰ ਦੋ ਹਫ਼ਤੇ ਬਾਅਦ ਮਿਲਣ ਵਾਲਾ ਯੂਥ ਅਲਾਊਅੰਸ 663.30 ਡਾਲਰ ਤੋਂ ਵਧ ਕੇ 677.20 ਡਾਲਰ ਹੋ ਜਾਵੇਗਾ। ਹਰ ਦੋ ਹਫ਼ਤੇ ਬਾਅਦ ਮਿਲਣ ਵਾਲਾ ਕੇਅਰਰ ਅਲਾਊਅੰਸ 159.30 ਡਾਲਰ ਤੋਂ ਵਧ ਕੇ 162.60 ਡਾਲਰ ਹੋ ਜਾਵੇਗਾ। ਹੋਰ ਵੈਲਫੇਅਰ ਭੁਗਤਾਨਾਂ ਵਿੱਚ ਵੀ ਇੰਡੈਕਸੇਸ਼ਨ ਕਾਰਨ ਵਾਧਾ ਹੋਵੇਗਾ।
- ਦਵਾਈਆਂ ਸਸਤੀਆਂ: ਫਾਰਮਾਸਿਊਟਿਕਲ ਬੇਨੀਫਿਟਸ ਸਕੀਮ (PBS) ਅਧੀਨ ਆਮ ਮਰੀਜ਼ਾਂ ਲਈ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ 25 ਡਾਲਰ ਤੱਕ ਸੀਮਿਤ ਹੋਵੇਗੀ। ਪੈਨਸ਼ਨਰਾਂ ਲਈ 7.70 ਡਾਲਰ ਦੀ ਸੀਮਾ 2030 ਤੱਕ ਜਾਰੀ ਰਹੇਗੀ।
- ਟੋਲ ਵਧੇਗਾ: NSW, VIC ਅਤੇ QLD ਵਿੱਚ ਟੋਲ ਰੇਟ ਇੰਡੈਕਸੇਸ਼ਨ ਨਾਲ ਵਧਣਗੇ।
- ਨਕਦ ਭੁਗਤਾਨ ਫੁਰਮਾਨ : ਗਰੋਸਰੀ ਅਤੇ ਫਿਊਲ ਵੇਚਣ ਵਾਲੇ ਵੱਡੇ ਰਿਟੇਲਰਾਂ ਨੂੰ 500 ਡਾਲਰ ਤੋਂ ਘੱਟ ਦੀਆਂ ਖਰੀਦਾਂ ਲਈ 7am–9pm ਵਿਚਕਾਰ ਕੈਸ਼ ਮਨਜ਼ੂਰ ਕਰਨਾ ਲਾਜ਼ਮੀ ਹੋਵੇਗਾ।
- ਬਿਜਲੀ ਰੀਬੇਟ ਖਤਮ: 150 ਡਾਲਰ ਦੀ ਨੈਸ਼ਨਲ ਐਨਰਜੀ ਬਿੱਲ ਰੀਲੀਫ ਸਕੀਮ 31 ਦਸੰਬਰ 2025 ਤੋਂ ਬਾਅਦ ਖਤਮ ਹੋ ਜਾਵੇਗੀ।
- ਪਾਸਪੋਰਟ ਮਹਿੰਗੇ: 10 ਸਾਲ ਦੀ ਪਾਸਪੋਰਟ ਦੀ ਫੀਸ 412 ਡਾਲਰ ਤੋਂ ਵਧ ਕੇ 422 ਡਾਲਰ ਹੋ ਜਾਵੇਗੀ।
- ਚਾਈਲਡਕੇਅਰ ਸਬਸਿਡੀ: ਨਵੀਂ ਸਕੀਮ ਅਧੀਨ ਪਰਿਵਾਰਾਂ ਨੂੰ ਘੱਟੋ-ਘੱਟ 72 ਘੰਟੇ ਪ੍ਰਤੀ ਦੋ ਹਫ਼ਤੇ ਸਬਸਿਡੀ ਵਾਲੀ ਚਾਈਲਡਕੇਅਰ ਮਿਲੇਗੀ। ਖਾਸ ਹਾਲਾਤ ਵਿੱਚ 100 ਘੰਟੇ ਤੱਕ ਮਿਲ ਸਕਦੀ ਹੈ।





