ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਸਿਡਨੀ ਸਥਿਤ Bondi Beach ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਵੱਲੋਂ ਕੀਤੀ ਗਈ royal commission ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। 15 ਮ੍ਰਿਤਕਾਂ ਵਿੱਚੋਂ 11 ਦੇ ਪਰਿਵਾਰਾਂ ਨੇ ਇੱਕ ਚਿੱਠੀ ‘ਤੇ ਦਸਤਖ਼ਤ ਕਰ ਕੇ Albanese ਨੂੰ ਅਪੀਲ ਕੀਤੀ ਸੀ ਕਿ ਆਸਟ੍ਰੇਲੀਆ ਵਿੱਚ ਵਧ ਰਹੇ ਯਹੂਦੀ ਵਿਰੋਧੀ ਰੁਝਾਨ ਅਤੇ ਕਾਨੂੰਨੀ, ਖੁਫੀਆ ਤੇ ਨੀਤੀ ਦੀਆਂ ਨਾਕਾਮੀਆਂ ਦੀ ਜਾਂਚ ਹੋਵੇ। Albanese ਨੇ ਕਿਹਾ ਕਿ ਰੌਇਲ ਕਮਿਸ਼ਨ ਦੀ ਜਾਂਚ ਨੂੰ ਕਈ ਸਾਲ ਲਗਣਗੇ ਅਤੇ ਕਾਰਵਾਈ ਵਿੱਚ ਦੇਰੀ ਹੋਵੇਗੀ। ਇਸ ਦੀ ਬਜਾਏ, ਸਰਕਾਰ ‘ਰਿਚਰਡਸਨ ਰਿਵਿਊ’ ਕਰੇਗੀ ਜੋ AFP, ASIO, ASIS ਵਰਗੀਆਂ ਰਾਸ਼ਟਰੀ ਸੁਰੱਖਿਆ ਏਜੰਸੀਆਂ, ਜਾਣਕਾਰੀ ਸਾਂਝੀ ਕਰਨ ਅਤੇ ਕਾਨੂੰਨੀ ਖਾਮੀਆਂ ਦੀ ਜਾਂਚ ਕਰੇਗੀ।
ਹਾਲਾਂਕਿ ਪਰਿਵਾਰਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਐਲਾਨ ਕਾਫ਼ੀ ਨਹੀਂ ਹਨ। Albanese ਨੇ ਕਿਹਾ ਕਿ ਉਨ੍ਹਾਂ ਦਾ ਦਿਲ ਪੀੜਤਾਂ ਦੇ ਪਰਿਵਾਰਾਂ ਲਈ ਦੁੱਖੀ ਹੈ ਪਰ ਉਨ੍ਹਾਂ ਦੀ ਜ਼ਿੰਮੇਵਾਰੀ ਰਾਸ਼ਟਰੀ ਹਿੱਤ ਵਿੱਚ ਕੰਮ ਕਰਨਾ ਹੈ। ਹੋਮ ਅਫੇਅਰਜ਼ ਮੰਤਰੀ Tony Burke ਨੇ ਵੀ ਕਿਹਾ ਕਿ ਰੌਇਲ ਕਮਿਸ਼ਨ ਨਾਲ ਖ਼ਤਰਨਾਕ ਆਵਾਜ਼ਾਂ ਨੂੰ ਮੁੜ ਮੰਚ ਮਿਲੇਗਾ ਜੋ ਏਕਤਾ ਲਈ ਠੀਕ ਨਹੀਂ।
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ Chris Minns ਨੇ ਸਟੇਟ ਪੱਧਰ ’ਤੇ ਰੌਇਲ ਕਮਿਸ਼ਨ ਦਾ ਐਲਾਨ ਕੀਤਾ ਹੈ। ਰਿਚਰਡਸਨ ਰਿਵਿਊ ਅਪ੍ਰੈਲ ਤੱਕ ਰਿਪੋਰਟ ਦੇਵੇਗਾ। ਇਸ ਤੋਂ ਇਲਾਵਾ, ਸਰਕਾਰ ਸੰਸਦ ਨੂੰ ਜਨਵਰੀ ਵਿੱਚ ਜਲਦੀ ਬੁਲਾਕੇ ਨਵੇਂ ਕਾਨੂੰਨ ਲਿਆਵੇਗੀ, ਜਿਸ ਵਿੱਚ ਨਫ਼ਰਤੀ ਭਾਸ਼ਾ ਵਿਰੁੱਧ ਕਾਨੂੰਨ, ਹਥਿਆਰ ਖਰੀਦ ਮੁਹਿੰਮ, ਬੱਚਿਆਂ ਦੇ ਕੱਟੜਪੰਥੀਕਰਨ ਵਿਰੁੱਧ ਨਵਾਂ ਅਪਰਾਧ ਅਤੇ ਵੀਜ਼ਾ ਰੱਦ ਕਰਨ ਦੇ ਵਧੇਰੇ ਅਧਿਕਾਰ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਰੌਇਲ ਕਮਿਸ਼ਨਰ ਆਸਟ੍ਰੇਲੀਆ ’ਚ ਸਭ ਤੋਂ ਉੱਚ ਪੱਧਰੀ ਜਾਂਚ ਹੁੰਦੀ ਹੈ। ਇਹ ਇੱਕ ਸੁਤੰਤਰ ਜਨਤਕ ਜਾਂਚ ਹੁੰਦੀ ਹੈ।





