ਵਿਕਟੋਰੀਆ ਦੀ ਪ੍ਰੀਮੀਅਰ Jacinta Allan ਦੇ ਪਤੀ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ’ਚ ਫੜੇ ਗਏ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਆਪਣੇ ਪਤੀ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਜਾਣ ਤੋਂ ਬਾਅਦ ਮੁਆਫੀ ਮੰਗੀ ਹੈ, ਅਤੇ ਕਿਹਾ ਹੈ ਕਿ ਇਸ ਘਟਨਾ ਕਾਰਨ ਉਹ “ਨਿਰਾਸ਼ ਅਤੇ ਸ਼ਰਮਿੰਦਾ” ਹਨ। Allan ਨੇ ਕਿਹਾ ਕਿ Yorick Piper ਵੀਰਵਾਰ ਸਵੇਰੇ Bendigo ਵਿੱਚ ਸੁਪਰਮਾਰਕੀਟ ਵੱਲ ਜਾ ਰਿਹੇ ਸਨ ਜਦੋਂ ਉਨ੍ਹਾਂ ਨੇ ਇੱਕ ਚੌਰਾਹੇ ‘ਤੇ ਇੱਕ ਹੋਰ ਕਾਰ ਨੂੰ ਪਿੱਛੋਂ ਹਲਕੀ ਟੱਕਰ ਮਾਰ ਦਿੱਤੀ।

ਪੁਲਿਸ ਵੱਲੋਂ ਸਾਹ ਦੀ ਜਾਂਚ ਮਗਰੋਂ ਉਨ੍ਹਾਂ ਦੇ ਖੂਨ ਵਿੱਚ ਅਲਕੋਹਲ ਦੀ ਗਾੜ੍ਹਾਪਣ ਦੀ ਸੀਮਾ 0.05 ਮਿਲੀ। Piper ਨੂੰ ਮੌਕੇ ‘ਤੇ ਜੁਰਮਾਨਾ ਲੱਗਿਆ ਅਤੇ ਉਹ ਆਪਣਾ ਲਾਇਸੈਂਸ ਗੁਆ ਬੈਠੇ ਹਨ, ਜਿਸ ਬਾਰੇ Allan ਨੇ ਕਿਹਾ ਕਿ ਇਹ 16 ਜਨਵਰੀ ਤੋਂ ਲਾਗੂ ਹੋਵੇਗਾ। Allan ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਇੱਕ ਰਾਤ ਪਹਿਲਾਂ ਇੱਕ ਸਥਾਨਕ ਪੱਬ ਵਿੱਚ ਆਪਣੇ ਬੇਟੇ ਦਾ ਜਨਮਦਿਨ ਮਨਾਇਆ ਸੀ। ਉਨ੍ਹਾਂ ਕਿਹਾ, ‘‘ਸ਼ਾਇਦ ਉਸ ਦੀਆਂ ਦਵਾਈਆਂ ਕਾਰਨ ਨਸ਼ੇ ਦਾ ਅਸਰ ਜ਼ਿਆਦਾ ਵੱਧ ਗਿਆ। ਉਸ ਨੂੰ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਸੀ।’’ Allan ਨੇ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਤੀ ਨੇ Amber Community charity ਨੂੰ 1,000 ਡਾਲਰ ਦਾ ਦਾਨ ਦਿੱਤਾ ਹੈ, ਜੋ ਸੜਕ ਸਦਮੇ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨਾ ਇੱਕ ਬਹੁਤ ਗੰਭੀਰ ਮੁੱਦਾ ਹੈ।

ਵਿਕਟੋਰੀਆ ਪੁਲਿਸ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਮਿਸ਼ੇਲ ਸਟ੍ਰੀਟ ‘ਤੇ ਸਾਹ ਦੀ ਜਾਂਚ ਲਈ ਰੋਕ ਤੋਂ ਬਾਅਦ ਹੇਠਲੇ ਪੱਧਰ ਦੀ ਰੀਡਿੰਗ ਦੀ ਪੁਸ਼ਟੀ ਕੀਤੀ ਗਈ ਹੈ। ਇਕ ਬੁਲਾਰੇ ਨੇ ਦੱਸਿਆ ਕਿ ਡਰਾਈਵਰ ਨੂੰ 611 ਡਾਲਰ ਦਾ ਜੁਰਮਾਨਾ ਨੋਟਿਸ ਮਿਲਿਆ ਅਤੇ ਉਸ ਦਾ ਲਾਇਸੈਂਸ ਤਿੰਨ ਮਹੀਨਿਆਂ ਲਈ ਰੱਦ ਕਰ ਦਿੱਤਾ ਗਿਆ ਹੈ। ਉਸ ਨੇ ਆਪਣੀ ਗੱਡੀ ਛੱਡਣ ਦਾ ਆਪਣਾ ਪ੍ਰਬੰਧ ਕੀਤਾ ਅਤੇ ਪੈਦਲ ਹੀ ਵਾਪਸ ਗਿਆ। ਉਨ੍ਹਾਂ ਨੇ ਕਿਹਾ ਕਿ ਟੱਕਰ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ।