ਮੈਲਬਰਨ : ਵਿਕਟੋਰੀਆ ਦੀ Crime Statistics Agency (CSA) ਵੱਲੋਂ ਇਸ ਸਾਲ 30 ਸਤੰਬਰ ਤਕ ਦੇ ਜਾਰੀ ਨਵੇਂ ਅੰਕੜਿਆਂ ਅਨੁਸਾਰ ਵਿਕਟੋਰੀਆ ’ਚ ਅਪਰਾਧਾਂ ਦੀ ਗਿਣਤੀ ਨਵੇਂ ਸਿਖਰ ਨੂੰ ਛੂਹ ਗਈ ਹੈ ਅਤੇ ਸਟੇਟ ਦੀ 3% ਜਨਤਾ ਅਪਰਾਧਾਂ ਤੋਂ ਪ੍ਰਭਾਵਤ ਹੋਈ ਹੈ। ਸਤੰਬਰ ਤਕ ਖ਼ਤਮ ਹੋਏ 12 ਮਹੀਨਿਆਂ ’ਚ 640,860 ਨਵੇਂ ਅਪਰਾਧ ਦਰਜ ਕੀਤੇ ਗਏ, ਜੋ ਪਿਛਲੇ ਸਾਲ ਤੋਂ 10.8% ਵੱਧ ਹੈ। ਇਸ ਦੌਰਾਨ ਚੋਰੀ ਦੇ ਮਾਮਲੇ 37,000 ਵਧੇ। ਰਿਟੇਲ ਚੋਰੀਆਂ ’ਚ 28.5% ਵਾਧਾ ਦਰਜ ਕੀਤਾ ਗਿਆ। ਪਰਿਵਾਰਕ ਹਿੰਸਾ ਦੇ ਮਾਮਲੇ ਵੀ 3.2% ਵਧ ਕੇ 105,000 ਕੇਸ ਹੋ ਗਏ। ਵਾਰ-ਵਾਰ ਅਪਰਾਧ ਕਰਨ ਵਾਲਿਆਂ ਨੇ ਇਨ੍ਹਾਂ ਅੰਕੜਿਆਂ ’ਚ ਸਭ ਤੋਂ ਵੱਧ ਯੋਗਦਾਨ ਪਾਇਆ।
ਕਾਰ ਚੋਰੀਆਂ ਦੇ ਮਾਮਲੇ 2002 ਤੋਂ ਬਾਅਦ ਸਭ ਤੋਂ ਵੱਧ ਹਨ। ਜ਼ਿਆਦਾਤਰ ਗੰਭੀਰ ਅਪਰਾਧਾਂ ਲਈ 12-17 ਸਾਲ ਦੇ ਬੱਚੇ ਜ਼ਿੰਮੇਵਾਰ ਸਨ। ਕਾਰ ਚੋਰੀ ਦੀਆਂ 60% ਘਟਨਾਵਾਂ, ਘਰ ’ਚ ਸੰਨ੍ਹ ਲਾਉਣ ਦੀਆਂ 54% ਘਟਨਾਵਾਂ, ਡਾਕਾ ਮਾਰਨ ਦੀਆਂ 49.3% ਘਟਨਾਵਾਂ ਅਤੇ 62.2% ਠੱਗੀਆਂ ਲਈ ਨਾਬਾਲਗ ਜ਼ਿੰਮੇਵਾਰ ਸਨ।
ਚੰਗੀ ਗੱਲ ਇਹ ਰਹੀ ਕਿ ਬੀਤੇ 12 ਮਹੀਨਿਆਂ ਦੌਰਾਨ ਚਾਕੂ ਵਰਗੇ ਤੇਜ਼ਧਾਰ ਹਥਿਆਰਾਂ ਨਾਲ ਸਬੰਧਤ ਕੋਈ ਨਵਾਂ ਅਪਰਾਧ ਦਰਜ ਨਹੀਂ ਕੀਤਾ ਗਿਆ। 2021 ਤੋਂ 2024 ਵਿਚਕਾਰ machetes ਨਾਲ ਸਬੰਧਤ ਅਪਰਾਧ 610 ਤੋਂ ਵੱਧ ਕੇ 2061 ਹੋ ਗਏ ਸਨ। ਵਿਕਟੋਰੀਆ ਪੁਲਿਸ ਨੇ ਇਸ ਸਾਲ 16,000 ਤੋਂ ਵੱਧ ਤੇਜ਼ਧਾਰ ਹਥਿਆਰ ਜ਼ਬਤ ਕੀਤੇ ਹਨ।





