ਸਾਹਮਣੇ ਆਈ Bondi Beach ’ਤੇ ਹਮਲਾਵਰਾਂ ਦੀ ਪਛਾਣ

ਸਿਡਨੀ : Bondi Beach ’ਤੇ ਹਮਲਾਵਰਾਂ ਦੀ ਪਛਾਣ ਨਵੀਦ ਅਕਰਮ (24) ਅਤੇ ਸਾਜਿਦ ਅਕਰਮ (50) ਵਜੋਂ ਹੋਈ ਹੈ। ਦੋਹਾਂ ਵੱਲੋਂ ਬੀਚ ’ਤੇ ਚਲ ਰਹੇ Chanukah by the Sea ਯਹੂਦੀ ਸਮਾਗਮ ’ਤੇ ਕੀਤੀ ਗੋਲੀਬਾਰੀ ’ਚ 15 ਲੋਕਾਂ ਦੀ ਮੌਤ ਹੋ ਗਈ ਸੀ। ਦੋਵੇਂ ਪਿਉ-ਪੁੱਤਰ ਸਨ ਅਤੇ ਪਾਕਿਸਤਾਨੀ ਮੂਲ ਦੇ ਦੱਸੇ ਜਾ ਰਹੇ ਹਨ। 2019 ’ਚ ਆਸਟ੍ਰੇਲੀਆ ਦੀ ਖੁਫ਼ੀਆ ਏਜੰਸੀ ASIO ਨੂੰ ਨਵੀਦ ਦੇ ਇਸਲਾਮਿਕ ਸਟੇਟ ਗਰੁੱਪ ਨਾਲ ਸਬੰਧਾਂ ਬਾਰੇ ਪਤਾ ਲੱਗਾ ਸੀ। ਪਰ ਏਜੰਸੀ ਨੇ ਉਸ ਤੋਂ ਕੋਈ ਖ਼ਤਰਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਹਮਲੇ ਵਾਲੀ ਥਾਂ ਤੋਂ ਬਰਾਮਦ ਉਨ੍ਹਾਂ ਦੀ ਕਾਰ ’ਚੋਂ ਇਸਲਾਮਿਕ ਸਟੇਟ ਦੇ ਝੰਡੇ ਵੀ ਮਿਲੇ ਹਨ। ਸਾਜਿਦ ਅਕਰਮ 1998 ’ਚ ਸਟੂਡੈਂਟ ਵੀਜ਼ਾ ’ਤੇ ਆਸਟ੍ਰੇਲੀਆ ਆਇਆ ਸੀ, ਜਦਕਿ ਨਵੀਦ ਦਾ ਜਨਮ ਆਸਟ੍ਰੇਲੀਆ ’ਚ ਹੀ ਹੋਇਆ ਸੀ। ਪਿਓ ਮੌਕੇ ’ਤੇ ਪੁਲਿਸ ਕਾਰਵਾਈ ਦੌਰਾਨ ਮਾਰਿਆ ਗਿਆ ਸੀ, ਜਦਕਿ ਪੁੱਤਰ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਪੁਲਿਸ ਨਿਗਰਾਨੀ ਹੇਠ ਹੈ। ਹਮਲਾਵਰ ਸਿਡਨੀ ਦੇ ਸਬਅਰਬ Bonnyrigg ’ਚ ਰਹਿੰਦੇ ਸਨ ਜਿੱਥੇ ਪੁਲਿਸ ਨੇ ਬਾਅਦ ’ਚ ਛਾਪੇਮਾਰੀ ਕੀਤੀ। ਜਾਂਚ ਏਜੰਸੀਆਂ ਹੁਣ ਹਮਲੇ ਪਿੱਛੇ ਉਨ੍ਹਾਂ ਦੇ ਮਕਸਦ ਬਾਰੇ ਜਾਂਚ ਕਰ ਰਹੀਆਂ ਹਨ। ਨਵੀਦ ਦੇ ਅਤਿਵਾਦੀ Isaak El Matari ਨਾਲ ਸਬੰਧ ਸਨ ਜੋ ਇਸ ਵੇਲੇ ਜੇਲ੍ਹ ’ਚ ਹੈ। Matari ਖ਼ੁਦ ਨੂੰ ਆਸਟ੍ਰੇਲੀਆ ’ਚ ਇਸਲਾਮਿਕ ਸਟੇਟ ਦਾ ਕਮਾਂਡਰ ਦਸਦਾ ਹੁੰਦਾ ਸੀ। ਨਵੀਦ ਕੋਲ ਕਥਿਤ ਤੌਰ ’ਤੇ ਛੇ ਬੰਦੂਕਾਂ ਦੇ ਲਾਇਸੈਂਸ ਸਨ।